ਨਵੀਂ ਦਿੱਲੀ 01 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) ਅਮਰੀਕਾ ਤੇ ਈਰਾਨ ਵਿਚਕਾਰ ਸੰਭਾਵਿਤ ਸਮਝੌਤਾ ਨੇੜੇ ਪਹੁੰਚਦਾ ਦਿਖਾਈ ਦੇ ਰਿਹਾ ਹੈ ਪਰ ਦੋਹਾਂ ਵਿਚਕਾਰ ਬੇਭਰੋਸਗੀ ਅਜੇ ਵੀ ਬਣੀ ਹੋਈ ਹੈ। ਮੁੱਢਲੇ ਸਮਝੌਤਾ ਮਸੌਦੇ (ਮੈਮੋਰੈਂਡਮ ਆਫ ਅੰਡਰਸਟੈਂਡਿੰਗ) ’ਤੇ ਸਹਿਮਤੀ ਬਣਨ ਦੇ ਬਾਵਜੂਦ ਕਈ ਅਹਿਮ ਮੁੱਦਿਆਂ ’ਤੇ ਵਿਰੋਧ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਈਰਾਨ ਨਾਲ “ਬਹੁਤ ਚੰਗਾ ਸਮਝੌਤਾ” ਹੋਣ ਦੇ ਨੇੜੇ ਹਨ। ਦੂਜੇ ਪਾਸੇ, ਅਮਰੀਕੀ ਮੀਡੀਆ ਸੰਸਥਾਨ ਐਕਸੀਓਸ ਨੇ ਦਾਅਵਾ ਕੀਤਾ ਹੈ ਕਿ ਜੇਕਰ ਗੱਲਬਾਤ ’ਚ ਕੋਈ ਵੱਡੀ ਰੁਕਾਵਟ ਨਹੀਂ ਆਉਂਦੀ ਤਾਂ ਇਕ ਹਫ਼ਤੇ ਦੇ ਅੰਦਰ ਸਮਝੌਤੇ ਨੂੰ ਆਖ਼ਰੀ ਰੂਪ ਦਿੱਤਾ ਜਾ ਸਕਦਾ ਹੈ।

ਦੂਜੇ ਪਾਸੇ ਈਰਾਨ ਦੇ ਮੁੱਖ ਵਾਰਤਾਕਾਰ ਤੇ ਹਾਲ ਹੀ ’ਚ ਸੱਤਵੀਂ ਵਾਰ ਚੁਣੇ ਗਏ ਸੰਸਦ ਦੇ ਪ੍ਰਧਾਨ ਮੁਹੰਮਦ ਬਾਕਰ ਗਲੀਬਾਫ ਨੇ ਸਾਫ਼ ਕੀਤਾ ਹੈ ਕਿ ਤਹਿਰਾਨ ਨੂੰ ਵਿਰੋਧੀ ਪੱਖ ਦੇ ਵਾਅਦਿਆਂ ’ਤੇ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਗੱਲਬਾਤ ਦੇ ਠੋਸ ਨਤੀਜੇ ਸਾਹਮਣੇ ਨਹੀਂ ਆਉਂਦੇ, ਈਰਾਨ ਆਪਣੇ ਵੱਲੋਂ ਕੋਈ ਨਵੀਂ ਪ੍ਰਤੀਬੱਧਤਾ ਨਹੀਂ ਦੇਵੇਗਾ। ਇਸ ਦੌਰਾਨ ਆਈਆਰਜੀਸੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਐਤਵਾਰ ਨੂੰ ਇਕ ਅਮਰੀਕੀ ਐਮਕਿਊ-1 ਨਿਗਰਾਨੀ ਡਰੋਨ ਨੂੰ ਸੁੱਟ ਦਿੱਤਾ। ਨਾਲ ਹੀ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ ’ਚ 20 ਮਾਲਵਾਹਕ ਜਹਾਜ਼ ਹੋਰਮੁਜ਼ ਸਟ੍ਰੇਟ ਪਾਰ ਕਰ ਗਏ ਹਨ।

ਟਰੰਪ ਨੇ ਕਿਹਾ- ਜਲਦਬਾਜ਼ੀ ’ਚ ਨਹੀਂ ਹੋਵੇਗਾ ਸਮਝੌਤਾ

 ਟਾਈਮਜ਼ ਅਨੁਸਾਰ, ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ’ਚ ਟਰੰਪ ਨੇ ਕਿਹਾ ਕਿ ਗੱਲਬਾਤ ਸਹੀ ਦਿਸ਼ਾ ’ਚ ਅੱਗੇ ਵੱਧ ਰਹੀ ਹੈ ਪਰ ਜਲਦਬਾਜ਼ੀ ’ਚ ਕੋਈ ਫੈਸਲਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਅਸੀਂ ਬਹੁਤ ਚੰਗੇ ਸਮਝੌਤੇ ਦੇ ਨੇੜੇ ਹਾਂ, ਜੇਕਰ ਸਾਡੀਆਂ ਮੁੱਖ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਦੂਜੇ ਤਰੀਕੇ ਨਾਲ ਅੱਗੇ ਵਧਾਂਗੇ।” ਟਰੰਪ ਨੇ ਕਿਹਾ ਕਿ ਈਰਾਨ ਇਹ ਦਾਅਵਾ ਕਰਦਾ ਰਹਿੰਦਾ ਹੈ ਕਿ ਉਹ ਪਰਮਾਣੂ ਹਥਿਆਰ ਨਹੀਂ ਬਣਾ ਰਿਹਾ ਪਰ ਅਮਰੀਕਾ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉਹ ਭਵਿੱਖ ’ਚ ਅਜਿਹੇ ਹਥਿਆਰ ਨਾ ਬਣਾਏ ਤੇ ਨਾ ਹੀ ਵਿਦੇਸ਼ਾਂ ਤੋਂ ਖਰੀਦੇ।

ਹਾਲਾਂਕਿ, ਈਰਾਨ ਦੇ ਵਿਦੇਸ਼ ਮੰਤਰੀ ਦੇ ਬੁਲਾਰੇ ਇਸਮਾਈਲ ਬਘਾਈ ਨੇ ਅਮਰੀਕੀ ਸ਼ਰਤਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਅਜੇ ਕਿਸੇ ਆਖ਼ਰੀ ਸਮਝੌਤੇ ’ਤੇ ਸਹਿਮਤੀ ਨਹੀਂ ਬਣੀ ਹੈ। ਫਾਰਸ ਨਿਊਜ਼ ਏਜੰਸੀ ਅਨੁਸਾਰ ਤਹਿਰਾਨ ਨੇ ਅੱਗੇ ਵੱਧਣ ਤੋਂ ਪਹਿਲਾਂ ਵਿਦੇਸ਼ਾਂ ’ਚ ਫ੍ਰੀਜ਼ 12 ਅਰਬ ਡਾਲਰ ਦੀ ਰਕਮ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਐਕਸੀਓਸ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਟਰੰਪ ਨੇ ਆਪਣੇ ਦੂਤਾਂ ਤੇ ਈਰਾਨੀ ਨੁਮਾਇੰਦਿਆਂ ਵਿਚਕਾਰ ਤਿਆਰ ਕੀਤੇ ਮਸੌਦੇ ’ਚ ਕੁਝ ਸੋਧਾਂ ਦੇ ਸੁਝਾਅ ਦਿੱਤੇ ਹਨ। ਇਨ੍ਹਾਂ ’ਚ ਈਰਾਨ ਦੇ ਐਨਰਿਚਡ ਯੂਰੈਨਿਯਮ ਦੇ ਪ੍ਰਬੰਧਨ, ਉਸ ਨੂੰ ਅਮਰੀਕਾ ਨੂੰ ਸੌਂਪਣ ਦੀ ਪ੍ਰਕਿਰਿਆ ਤੇ ਸਮੇਂ ਦੀ ਹੱਦ ਨੂੰ ਲੈ ਕੇ ਹੋਰ ਸਪੱਸ਼ਟ ਵਿਵਸਥਾ ਸ਼ਾਮਲ ਹੈ।

ਰਿਪੋਰਟ ਅਨੁਸਾਰ ਟਰੰਪ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਸਮਝੌਤੇ ਦੀ ਸ਼ਬਦਾਵਲੀ ’ਚ ਵੀ ਕੁਝ ਬਦਲਾਅ ਚਾਹੁੰਦੇ ਹਨ। ਇਹ ਸਮੁੰਦਰੀ ਮਾਰਗ ਦੁਨੀਆ ਦੇ ਲੱਗਭਗ ਪੰਜਵੇਂ ਹਿੱਸੇ ਦੇ ਤੇਲ ਵਪਾਰ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ, “ਸਮਝੌਤੇ ਦੀ ਦਿਸ਼ਾ ’ਚ ਪ੍ਰਗਤੀ ਹੋ ਰਹੀ ਹੈ ਪਰ ਇਸ ਦੀ ਸਮਾਂ ਹੱਦ ਨਿਰਧਾਰਿਤ ਕਰਨਾ ਮੁਸ਼ਕਲ ਹੈ। ਇਸ ’ਚ ਇਕ ਹਫ਼ਤਾ ਜਾਂ ਉਸ ਤੋਂ ਘੱਟ ਸਮਾਂ ਲੱਗ ਸਕਦਾ ਹੈ। ਈਰਾਨ ਦੀ ਪ੍ਰਤੀਕਿਰਿਆ ਆਉਣ ’ਚ 3 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ।”

ਗਲੀਬਾਫ ਨੇ ਕਿਹਾ- ਈਰਾਨ ਨੂੰ ਝੁਕਾਉਣ ਦਾ ਸੁਪਨਾ ਦੇਖ ਰਿਹਾ ਅਮਰੀਕਾ

ਏਐੱਨਆਈ ਅਨੁਸਾਰ, ਗਲੀਬਾਫ ਨੇ ਅਮਰੀਕਾ ’ਤੇ ਆਰਥਿਕ ਦਬਾਅ ਤੇ ਮੀਡੀਆ ਮੁਹਿੰਮਾਂ ਰਾਹੀਂ ਈਰਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਈਰਾਨ ਨੂੰ ਆਤਮ-ਸਮਰਪਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਅਮਰੀਕਾ ਦਾ ਦਿਨ ਦਾ ਸੁਫਨਾ ਹੈ। ਗਲੀਬਾਫ ਨੇ ਕਿਹਾ ਕਿ ਈਰਾਨੀ ਜਨਤਾ ਕਿਸੇ ਵੀ ਦਬਾਅ ਦੇ ਸਾਹਮਣੇ ਨਹੀਂ ਝੁਕੇਗੀ ਤੇ ਦੇਸ਼ ਦੀ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦਾ ਮੁਕਾਬਲਾ ਕਰੇਗੀ।

ਹੋਰਮੁਜ਼ ’ਤੇ ਫਿਰ ਜਤਾਇਆ ਕੰਟਰੋਲ

ਆਈਏਐੱਨਐੱਸ ਅਨੁਸਾਰ ਈਰਾਨ ਨੇ ਇਕ ਵਾਰ ਫਿਰ ਹੋਰਮੁਜ਼ ਜਲਮਾਰਗ ’ਤੇ ਆਪਣੇ ਕੰਟਰੋਲ ਦਾ ਦਾਅਵਾ ਕਰਦੇ ਹੋਏ ਅੰਤਰਰਾਸ਼ਟਰੀ ਜਹਾਜ਼ਾਂ ਤੇ ਵਿਦੇਸ਼ੀ ਨੇਵੀ ਬਲਾਂ ਨੂੰ ਚਿਤਾਵਨੀ ਦਿੱਤੀ ਹੈ। ਈਰਾਨੀ ਫ਼ੌਜ ਹੈੱਡਕੁਆਰਟਰ ਖਾਤਮ ਅਲ-ਅੰਬਿਆ ਨੇ ਕਿਹਾ ਕਿ ਇਸ ਰਣਨੀਤਿਕ ਸਮੁੰਦਰੀ ਮਾਰਗ ਦਾ ਪ੍ਰਬੰਧਨ ਪੂਰੀ ਤਰ੍ਹਾਂ ਈਰਾਨੀ ਹਥਿਆਰਬੰਦ ਬਲਾਂ ਦੇ ਅਧਿਕਾਰ ਖੇਤਰ ’ਚ ਹੈ।

ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਵਪਾਰਕ ਜਹਾਜ਼ਾਂ ਤੇ ਟੈਂਕਰਾਂ ਨੂੰ ਨਿਰਧਾਰਿਤ ਮਾਰਗਾਂ ਦਾ ਪਾਲਣ ਕਰਨਾ ਹੋਵੇਗਾ ਤੇ ਆਈਆਰਜੀਸੀ ਨੇਵੀ ਤੋਂ ਜ਼ਰੂਰੀ ਆਗਿਆ ਲੈਣੀ ਹੋਵੇਗੀ। ਨਿਯਮਾਂ ਦੇ ਉਲੰਘਣ ਨੂੰ ਸਮੁੰਦਰੀ ਸੁਰੱਖਿਆ ਲਈ ਖ਼ਤਰਾ ਦੱਸਿਆ ਗਿਆ ਹੈ।

ਅਮਰੀਕੀ ਡਰੋਨ ਸੁੱਟਣ ਦਾ ਦਾਅਵਾ

ਪੀਟੀਆਈ ਅਨੁਸਾਰ ਆਈਆਰਜੀਸੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਐਤਵਾਰ ਤੜਕੇ ਈਰਾਨੀ ਹਵਾਈ ਖੇਤਰ ’ਚ ਪ੍ਰਵੇਸ਼ ਕਰਨ ਵਾਲੇ ਇਕ ਅਮਰੀਕੀ ਐਮਕਿਊ-1 ਡਰੋਨ ਨੂੰ ਸੁੱਟ ਦਿੱਤਾ। ਹਾਲਾਂਕਿ ਇਸ ਦਾਅਵੇ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਸਕੀ ਤੇ ਅਮਰੀਕਾ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ।

ਉੱਥੇ ਹੀ ਰਾਇਟਰ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਈਰਾਨ ਨੇ ਇਰਾਕ ’ਚ ਵੱਖਵਾਦੀਆਂ ਦੇ ਇਕ ਟਿਕਾਣੇ ’ਤੇ ਵੀ ਹਮਲਾ ਕੀਤਾ ਹੈ। ਹਾਲਾਂਕਿ ਹਮਲੇ ਦੇ ਸਟੀਕ ਸਥਾਨ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ।

ਈਰਾਨ ਦੇ ਕੱਟੜਵਾਦੀ ਧੜੇ ਸਮਝੌਤੇ ਲਈ ਤਿਆਰ ਨਹੀਂ

ਏਐੱਨਆਈ ਅਨੁਸਾਰ ਅਮਰੀਕੀ ਥਿੰਕ ਟੈਂਕ ਇੰਸਟੀਟਿਊਟ ਫਾਰ ਦਿ ਸਟਡੀ ਆਫ ਵਾਰ-ਕ੍ਰਿਟਿਕਲ ਥ੍ਰੇਟਸ ਪ੍ਰੋਜੈਕਟ (ਆਈਐੱਸਡੀਬਲਯੂ-ਸੀਟੀਪੀ) ਦਾ ਮੰਨਣਾ ਹੈ ਕਿ ਈਰਾਨ ਦੇ ਅੰਦਰ ਮੌਜੂਦ ਕੱਟੜਵਾਦੀ ਧੜਾ ਕਈ ਮੁੱਦਿਆਂ ’ਤੇ ਝੁਕਣ ਲਈ ਤਿਆਰ ਨਹੀਂ ਹੈ। ਇਹੀ ਕਾਰਨ ਹੈ ਕਿ ਪ੍ਰਮਾਣੂ ਪ੍ਰੋਗਰਾਮ ਤੇ ਖੇਤਰ ਸੁਰੱਖਿਆ ਵਰਗੇ ਸੰਵੇਦਨਸ਼ੀਲ ਵਿਸ਼ਿਆਂ ’ਤੇ ਸਹਿਮਤੀ ਬਣਾਉਣ ’ਚ ਮੁਸ਼ਕਲ ਆ ਰਹੀ ਹੈ। ਥਿੰਕ ਟੈਂਕ ਦੀ ਰਿਪੋਰਟ ’ਚ ਆਈਆਰਜੀਸੀ ਕਮਾਂਡਰ ਮੇਜਰ ਜਨਰਲ ਅਹਿਮਦ ਵਾਹਿਦੀ ਤੇ ਉਨ੍ਹਾਂ ਦੇ ਕਰੀਬੀ ਸਹਿਯੋਗੀਆਂ ਨੂੰ ਸਭ ਤੋਂ ਸਖਤ ਰੁਖ ਵਾਲਾ ਸਮੂਹ ਦੱਸਿਆ ਗਿਆ ਹੈ।

ਕਿਹਾ ਗਿਆ ਕਿ ਆਈਆਰਜੀਸੀ ਅਮਰੀਕਾ ਨਾਲ ਜਾਰੀ ਗੱਲਬਾਤ ’ਚ ਕੋਈ ਵੱਡਾ ਸਮਝੌਤਾ ਕਰਨ ਦੇ ਪੱਖ ’ਚ ਨਹੀਂ ਹੈ। ਉਹ ਹੋਰਮੁਜ਼ ਤੋਂ ਲੰਘ ਰਹੇ ਜਹਾਜ਼ਾਂ ’ਤੇ ਆਪਣੇ ਕੰਟਰੋਲ ਨੂੰ ਅਸਲ ਤੌਰ ’ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਥਿੰਕ ਟੈਂਕ ਨੇ ਕਿਹਾ ਕਿ ਅੰਤਰਰਾਸ਼ਟਰੀ ਸਮੁਦਾਇ ਨੂੰ ਅਜਿਹੇ ਯਤਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ।

ਟਰੰਪ ਦੇ ਦਾਅਵੇ ਦੇ ਉਲਟ ਹੋਰਮੁਜ਼ ’ਚ ਨਾਕਾਬੰਦੀ ਬਰਕਰਾਰ

ਤਸਨੀਮ ਨਿਊਜ਼ ਏਜੰਸੀ ਅਨੁਸਾਰ ਟਰੰਪ ਦੇ ਦਾਅਵੇ ਦੇ ਉਲਟ ਹੋਰਮੁਜ਼ ’ਚ ਈਰਾਨੀ ਬੰਦਰਗਾਹਾਂ ’ਤੇ ਲੱਗੀ ਅਮਰੀਕੀ ਨੇਵੀ ਨਾਕਾਬੰਦੀ ਅਜੇ ਵੀ ਕਾਇਮ ਹੈ ਤੇ ਈਰਾਨੀ ਜਹਾਜ਼ਾਂ ਨੂੰ ਹੋਰਮੁਜ਼ ਤੋਂ ਅੱਗੇ ਵਧਣ ਤੋਂ ਲਗਾਤਾਰ ਰੋਕਿਆ ਜਾ ਰਿਹਾ ਹੈ। ਈਰਾਨੀ ਨੇਵੀ ਦੇ ਹਵਾਲੇ ਨਾਲ ਨਿਊਜ਼ ਏਜੰਸੀ ਨੇ ਦੱਸਿਆ ਕਿ ਈਰਾਨੀ ਜਹਾਜ਼ਾਂ ਨੂੰ ਲਗਾਤਾਰ ਅਮਰੀਕੀ ਸੈਂਟਰਲ ਕਮਾਂਡ ਵੱਲੋਂ ਚਿਤਾਵਨੀ ਮਿਲ ਰਹੀ ਹੈ ਕਿ ਉਹ ਨਾਕਾਬੰਦੀ ਨਾਲ ਜੁੜੇ ਖੇਤਰ ’ਚ ਪ੍ਰਵੇਸ਼ ਨਾ ਕਰਨ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਟਰੰਪ ਨੇ ਟਰੂਥ ਸੋਸ਼ਲ ’ਤੇ ਲਿਖਿਆ ਸੀ ਕਿ ਹੋਰਮੁਜ਼ ਤੋਂ ਨੇਵੀ ਨਾਕਾਬੰਦੀ ਹਟਾਈ ਜਾ ਰਹੀ ਹੈ ਤੇ ਅਮਰੀਕੀ ਸੈਨਿਕਾਂ ਦੀ ਘਰ ਵਾਪਸੀ ਹੋ ਸਕੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।