ਕਪੂਰਥਲਾ, 2 ਮਾਰਚ (ਪੰਜਾਬੀ ਖਬਰਨਾਮਾ): ਸਥਾਨਕ ਸੈਨਿਕ ਸਕੂਲ ਵਿਖੇ ਕਰਾਏ ਜਾ ਰਹੇ ਕਪੂਰਥਲਾ ਹੈਰੀਟੇਜ ਫੈਸਟੀਵਲ ਦੇ ਦੂਜੇ ਦਿਨ ਸਕੂਲੀ ਵਿਦਿਆਰਥੀਆਂ ਵੱਲੋਂ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ ਜਿਸ ਵਿਚ ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਨੇ ਕਵੀਸ਼ਰੀ, ਸੈਨਿਕ ਸਕੂਲ ਦੇ ਬੈਂਡ ਵੱਲੋਂ ਮਨਮੋਹਕ ਧੁਨਾਂ ਵਜਾਈਆਂ ਗਈਆਂ ਅਤੇ ਸੈਨਿਕ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਿਕ ਪੇਸ਼ਕਾਰੀ ਕੀਤੀ ਗਈ। ਖੇਡ ਵਿਭਾਗ ਵਲੋੰ ਪੰਜਾਬ ਸਟਾਈਲ ਕਬੱਡੀ ਦਾ ਮੈਚ ਸੁਲਾਤਾਨਪੁਰ ਅਤੇ ਕਬੱਡੀ ਸੈਂਟਰ, ਗੁਰੂ ਨਾਨਕ ਸਟੇਡੀਅਮ, ਕਪੂਰਥਲਾ ਦੀਆਂ ਟੀਮਾਂ ਵਿਚਾਲੇ ਕਰਵਾਇਆ ਅਤੇ ਨੌਜਵਾਨਾਂ ਨੂੰ ਰਵਾਇਤੀ ਖੇਡਾਂ ਪ੍ਰਤੀ ਉਤਸ਼ਾਹਤ ਕੀਤਾ ਗਿਆ। ਸੁਲਤਾਨਪੁਰ ਦੀ ਟੀਮ ਨੇ 22.5-20.5 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਜਿਲਾ ਪ੍ਰਸ਼ਾਸਨ ਵਲੋੰ ਲੋਕਾਂ ਨੂੰ ਅਪੀਲ ਕੀਤੀ ਕਿ ਐਤਵਾਰ ਨੂੰ ਵਿਰਾਸਤੀ ਮੇਲੇ ਵਿਚ ਪਹੁੰਚ ਕੇ ਫੈਸਟੀਵਲ ਦੀਆਂ ਰੌਣਕਾਂ ਨੂੰ ਵਧਾਇਆ ਜਾਵੇ ਅਤੇ ਵੱਖ-ਵੱਖ ਵੰਨਗੀਆਂ ਦਾ ਆਨੰਦ ਮਾਣਿਆ ਜਾਵੇ।
ਜਿਕਰਯੋਗ ਹੈ ਕਿ ਐਤਵਾਰ ਸ਼ਾਮ ਨੂੰ ਵਿਰਾਸਤੀ ਮੇਲੇ ਦੇ ਆਖ਼ਰੀ ਦਿਨ ਸ਼ਾਮ ਸਮੇਂ ਪ੍ਰਸਿੱਧ ਪੰਜਾਬੀ ਲੋਕ ਗਾਇਕ ਮਨਮੋਹਨ ਵਾਰਿਸ ਪੰਜਾਬੀ ਵਿਰਸੇ ਤੇ ਸੱਭਿਆਚਾਰਕ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ ।