ਸੰਗਰੂਰ, 2 ਮਾਰਚ(ਪੰਜਾਬੀ ਖਬਰਨਾਮਾ) :ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵ ਪੱਖੀ ਵਿਕਾਸ ਲਈ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਗਈ ਹੈ ਜਿਸ ਤਹਿਤ ਵਿਧਾਨ ਸਭਾ ਹਲਕਾ ਸੰਗਰੂਰ ਦੇ ਹਰ ਖੇਤਰ ਦਾ ਕਾਇਆ ਕਲਪ ਕਰਨ ਲਈ ਕਰੋੜਾਂ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟ ਇਨੀ ਦਿਨੀ ਜੋਸ਼ ਤੇ ਖਰੋਸ਼ ਨਾਲ ਅਮਲ ਵਿੱਚ ਲਿਆਂਦੇ ਜਾ ਰਹੇ ਹਨ। ਇਹ ਪ੍ਰਗਟਾਵਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਅੱਜ ਸੰਗਰੂਰ ਸ਼ਹਿਰ ਵਿੱਚ ਕਰੀਬ ਦੋ ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦਿਆਂ ਕੀਤਾ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਅਸੀਂ ਸੰਗਰੂਰ ਸ਼ਹਿਰ ਨੂੰ ਪੰਜਾਬ ਦੇ ਸਰਵੋਤਮ ਸ਼ਹਿਰਾਂ ਦੀ ਮੋਹਰਲੀ ਕਤਾਰ ਵਿੱਚ ਲਿਆਉਣ ਲਈ ਨਿਰੰਤਰ ਯੋਜਨਾਬਧ ਢੰਗ ਨਾਲ ਕਦਮ ਚੁੱਕ ਰਹੇ ਹਾਂ ਜਿਸ ਦੀ ਅਹਿਮ ਕੜੀ ਵਜੋਂ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹਨਾਂ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਲੋਕ ਪੱਖੀ ਸੁਵਿਧਾਵਾਂ ਪ੍ਰਦਾਨ ਕਰਨ ਦੀ ਇਸੇ ਮੁਹਿੰਮ ਤਹਿਤ ਅੱਜ ਵਿਧਾਇਕ ਵੱਲੋਂ ਸ਼ਹਿਰ ਨਿਵਾਸੀਆਂ ਲਈ ਵੱਖ-ਵੱਖ ਥਾਵਾਂ ਤੇ ਬੈਠਣ ਦੀ ਸੁਵਿਧਾ ਲਈ 600 ਨਵੇਂ ਆਰਸੀਸੀ ਬੈਂਚ ਰਖਵਾਉਣ ਦੀ ਸ਼ੁਰੂਆਤ ਜਿਲ੍ਹਾ ਲਾਇਬਰੇਰੀ ਤੋਂ ਕੀਤੀ ਗਈ। ਇਸ ਤੋਂ ਬਾਅਦ ਇੰਦਰਾ ਕਲੋਨੀ ਵਿਖੇ ਗਲੀ ਨੰ.7 ਵਿਖੇ 29.84 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਾਏ ਜਾਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਅਸੀਂ ਵਚਨਬੱਧ ਹਾਂ। ਵਿਧਾਇਕ ਨੇ ਲੇਬਰ ਚੌਂਕ ਵਿਖੇ ਮਜ਼ਦੂਰਾਂ ਦੀ ਸੁਵਿਧਾ ਲਈ 20 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਨਵੇਂ ਸ਼ੈਡ ਅਤੇ ਚੌਂਕ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਸ਼ਹਿਰ ਦੇ ਨਾਭਾ ਗੇਟ, ਬਰਨਾਲਾ ਚੌਂਕ, ਬਾਬਾ ਨਗਨ ਦਾਸ ਸਮਾਧ, ਬਨਾਸਰ ਬਾਗ, ਬੀਐੱਸਐਨਐਲ ਪਾਰਕ ਵਿੱਚ ਬਣਾਏ ਜਾਣ ਵਾਲੇ ਜਨਤਕ ਸ਼ੌਚਾਲਯ ਦੇ ਕੰਮ ਦੀ ਰਸਮੀ ਸ਼ੁਰੂਆਤ ਨਾਭਾ ਗੇਟ ਵਿਖੇ ਬਣਾਏ ਜਾਣ ਵਾਲੇ ਜਨਤਕ ਸ਼ੌਚਾਲਯ ਦਾ ਕੰਮ ਸ਼ੁਰੂ ਕਰਵਾ ਕੇ ਕੀਤੀ ਗਈ। ਉਨ੍ਹਾਂ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਵਿੱਚ ਐਲਈਡੀ ਲਾਈਟਾਂ ਲਗਵਾਉਣ ਦੇ 70.32 ਲੱਖ ਰੁਪਏ ਦੇ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਮਾਨਸ਼ਾਹੀਆ ਕਲੋਨੀ ਵਿੱਚ ਕੀਤੀ। ਇਸ ਮੌਕੇ ਅਧਿਕਾਰੀ ਅਤੇ ਪਾਰਟੀ ਆਗੂ ਵੀ ਹਾਜ਼ਰ ਸਨ।