ਨਵੀਂ ਦਿੱਲੀ 27 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਗੁਜਰਾਤ ਟਾਈਟਨਸ ਦੇ ਆਲਰਾਊਂਡਰ ਗਲੇਨ ਫਿਲਿਪਸ ਆਰਸੀਬੀ ਬਨਾਮ ਜੀਟੀ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਭੜਕੇ ਹੋਏ ਨਜ਼ਰ ਆਏ। ਧਰਮਸ਼ਾਲਾ ਵਿੱਚ ਖੇਡੇ ਗਏ ਕੁਆਲੀਫਾਇਰ-1 ਮੈਚ ਵਿੱਚ ਗੁਜਰਾਤ ਨੂੰ 92 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਆਰਸੀਬੀ ਨੇ ਆਈਪੀਐਲ 2026 ਦੇ ਫਾਈਨਲ ਦੀ ਟਿਕਟ ਪੱਕੀ ਕਰ ਲਈ। ਰਜਤ ਪਾਟੀਦਾਰ ਨੇ 33 ਗੇਂਦਾਂ ਵਿੱਚ 93 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 9 ਛੱਕੇ ਅਤੇ 5 ਚੌਕੇ ਸ਼ਾਮਲ ਸਨ। ਇਸ ਹਾਰ ਤੋਂ ਬਾਅਦ ਗਲੇਨ ਫਿਲਿਪਸ ਰਿਪੋਰਟਰ ਦੇ ਇੱਕ ਸਵਾਲ ‘ਤੇ ਨਾਰਾਜ਼ ਹੋ ਗਏ।
IPL 2026: Glenn Phillips ਕਿਉਂ ਭੜਕੇ
ਜੀਟੀ ਦੀ ਟੀਮ ਨੇ ਪ੍ਰੈੱਸ ਕਾਨਫਰੰਸ ਵਿੱਚ ਹਾਰ ਤੋਂ ਬਾਅਨ ਗਲੇਨ ਫਿਲਿਪਸ ਨੂੰ ਭੇਜਿਆ, ਜਿਨ੍ਹਾਂ ਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਕੀ ਆਰਸੀਬੀ ਦੇ 254 ਦੌੜਾਂ ਦੇ ਵੱਡੇ ਸਕੋਰ ਨੂੰ ਦੇਖ ਕੇ ਟੀਮ ਨੇ ਮਾਨਸਿਕ ਤੌਰ ‘ਤੇ ਹਾਰ ਮੰਨ ਲਈ ਸੀ? ਇਸ ਸਵਾਲ ‘ਤੇ ਗਲੇਨ ਫਿਲਿਪਸ ਨੇ ਕਿਹਾ, “ਇਹ ਇੱਕ ਬੇਵਕੂਫੀ ਭਰਿਆ ਸਵਾਲ ਹੈ। ਕੋਈ ਵੀ ਖਿਡਾਰੀ ਇਹ ਸੋਚ ਕੇ ਮੈਦਾਨ ‘ਤੇ ਨਹੀਂ ਜਾਂਦਾ ਕਿ ‘ਓਹ ਤੁਹਾਨੂੰ ਪਤਾ ਹੈ ਕੀ? ਅਸੀਂ ਬੱਸ ਇਸਨੂੰ ਛੱਡ ਦੇਵਾਂਗੇ।’ ਅਸੀਂ ਪ੍ਰੋਫੈਸ਼ਨਲ ਕ੍ਰਿਕਟਰ ਹੋਣ ਦੇ ਨਾਤੇ ਅਜਿਹਾ ਕਿਉਂ ਕਰਾਂਗੇ? ਇਹ ਬਹੁਤ ਹੀ ਘਟੀਆ ਸਵਾਲ ਹੈ। ਅਸੀਂ ਮੈਦਾਨ ਵਿੱਚ ਉਤਰੇ, ਅਸੀਂ ਆਪਣਾ ਸਭ ਕੁਝ ਝੋਕ ਦਿੱਤਾ। ਬਦਕਿਸਮਤੀ ਨਾਲ ਜਦੋਂ ਤੁਸੀਂ 250 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ ਤਾਂ ਸਭ ਕੁਝ ਸਹੀ ਹੋਣਾ ਚਾਹੀਦਾ ਹੈ। ਅਸੀਂ ਸਭ ਕੁਝ ਸਹੀ ਕਰਨ ਦੀ ਕੋਸ਼ਿਸ਼ ਵਿੱਚ ਉਤਰੇ ਸੀ ਅਤੇ ਜ਼ਾਹਰ ਹੈ ਕਿ ਅਜਿਹਾ ਨਹੀਂ ਹੋ ਸਕਿਆ।”
ਗਲੇਨ ਨੇ ਦੱਸਿਆ ਕਿ ਇੰਨੇ ਵੱਡੇ ਸਕੋਰ ਦਾ ਪਿੱਛਾ ਕਰਨਾ ਹਮੇਸ਼ਾ ਦਬਾਅ ਭਰਿਆ ਹੁੰਦਾ ਹੈ। ਨਿਊਜ਼ੀਲੈਂਡ ਦੇ ਇਸ ਆਲਰਾਊਂਡਰ ਨੇ ਮੰਨਿਆ ਕਿ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਹਰ ਛੋਟੀ ਗਲਤੀ ਮਹਿੰਗੀ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ 250 ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ ਤਾਂ ਸਕੋਰਬੋਰਡ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਅਤੇ ਬਹੁਤ ਘੱਟ ਟੀਮਾਂ ਹੀ ਅਜਿਹਾ ਕਰ ਸਕੀਆਂ ਹਨ।
ਮੈਚ ਦਾ ਹਾਲ
ਜੇਕਰ ਮੈਚ ਦੀ ਗੱਲ ਕਰੀਏ ਤਾਂ ਆਰਸੀਬੀ ਨੇ ਰਜਤ ਪਾਟੀਦਾਰ ਦੀਆਂ 93 ਦੌੜਾਂ ਦੀ ਬਦੌਲਤ 254 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਅਤੇ ਇਸ ਸਕੋਰ ਦੇ ਦਬਾਅ ਹੇਠ ਗੁਜਰਾਤ ਦੀ ਟੀਮ ਪੂਰੀ ਤਰ੍ਹਾਂ ਬਿਖਰ ਗਈ।
ਟਾਰਗੇਟ ਦਾ ਪਿੱਛਾ ਕਰਨ ਉੱਤਰੀ ਗੁਜਰਾਤ ਨੇ ਪਾਵਰਪਲੇ ਵਿੱਚ ਹੀ ਆਪਣੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਇੱਥੋਂ ਹੀ ਉਨ੍ਹਾਂ ਦੀ ਹਾਰ ਤੈਅ ਹੋ ਗਈ ਸੀ। ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਸਸਤੇ ਵਿੱਚ ਆਊਟ ਹੋ ਗਏ ਅਤੇ ਇਸ ਦਾ ਅਸਰ ਬਾਕੀ ਬੈਟਿੰਗ ਲਾਈਨ-ਅੱਪ ‘ਤੇ ਵੀ ਦੇਖਣ ਨੂੰ ਮਿਲਿਆ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਟੀਮ 14-15 ਓਵਰਾਂ ਵਿੱਚ ਹੀ ਆਊਟ ਹੋ ਜਾਵੇਗੀ ਪਰ ਰਾਹੁਲ ਤੇਵਤੀਆ ਨੇ 43 ਗੇਂਦਾਂ ਵਿੱਚ 68 ਦੌੜਾਂ ਬਣਾ ਕੇ ਮੈਚ ਨੂੰ ਆਖਰੀ ਓਵਰ ਤੱਕ ਪਹੁੰਚਾਇਆ।
