ਸੋਲਨ 26 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ (ਸੀਡੀਐੱਸਸੀਓ) ਵੱਲੋਂ ਅਪ੍ਰੈਲ ਵਿਚ ਜਾਰੀ ਕੀਤੇ ਗਏ ਡਰੱਗ ਅਲਰਟ ਵਿਚ ਦੇਸ਼ ਭਰ ਵਿਚ ਬਣੀਆਂ 120 ਦਵਾਈਆਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਇਨ੍ਹਾਂ ਵਿਚੋਂ ਇਕ ਦਵਾਈ ਨਕਲੀ ਮਿਲੀ ਹੈ। ਹਿਮਾਚਲ ਵਿਚ ਬਣੀਆਂ 31 ਦਵਾਈਆਂ ਦੇ ਸੈਂਪਲ ਗੁਣਵੱਤਾ ’ਤੇ ਖਰੇ ਨਹੀਂ ਉੱਤਰ ਸਕੇ। ਉੱਤਰਾਖੰਡ ਦੀਆਂ 24 ਅਤੇ ਗੁਜਰਾਤ ਦੀਆਂ 20 ਦਵਾਈਆਂ ਦੇ ਸੈਂਪਲ ਵੀ ਫੇਲ੍ਹ ਹੋਏ ਹਨ।
ਸਟੇਟ ਡਰੱਗ ਕੰਟਰੋਲਰ ਡਾ. ਮਨੀਸ਼ ਕਪੂਰ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਲਾਗੂ ਕੀਤੇ ਗਏ ਰਿਵਾਈਜ਼ਡ ਸ਼ਡਿਊਲ ਤਹਿਤ ਹੁਣ ਦਵਾਈ ਉਤਪਾਦਨ ਵਿਚ ਬਦਲਾਅ ਕੀਤੇ ਗਏ ਹਨ। ਦਵਾਈ ਉਤਪਾਦਨ ਦੌਰਾਨ ਸਖਤੀ ਨੂੰ ਹੋਰ ਵਧਾਇਆ ਗਿਆ ਹੈ ਅਤੇ ਗੁਣਵੱਤਾ ’ਤੇ ਧਿਆਨ ਦਿੱਤਾ ਜਾ ਰਿਹਾ ਹੈ।
ਸਾਡੀ ਕੋਸ਼ਿਸ਼ ਹੈ ਕਿ ਦਵਾਈਆਂ ਦੇ ਫੇਲ੍ਹ ਹੋਣ ਦੇ ਅੰਕੜੇ ਪੂਰੀ ਤਰ੍ਹਾਂ ਘੱਟ ਜਾਣ। ਜੋ ਵੀ ਦਵਾਈਆਂ ਫੇਲ੍ਹ ਪਾਈਆਂ ਜਾਂਦੀਆਂ ਹਨ, ਉਨ੍ਹਾਂ ਦੀ ਸਾਰੀ ਜਾਣਕਾਰੀ ਪਬਲਿਕ ਪਲੇਟਫਾਰਮ ’ਤੇ ਜਨਤਕ ਕੀਤੀ ਜਾਂਦੀ ਹੈ ਤਾਂ ਜੋ ਲੋਕ ਇਨ੍ਹਾਂ ਦਾ ਇਸਤੇਮਾਲ ਨਾ ਕਰਨ।
