ਫਿਰੋਜ਼ਪੁਰ 25 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : 28.12 ਕਿੱਲੋ ਹੈਰੋਇਨ ਅਤੇ 9.5 ਲੱਖ ਰੁਪਏ ਡਰੱਗ ਮਨੀ ਸਣੇ ਬੀਤੇ ਸ਼ਨਿੱਚਰਵਾਰ ਨੂੰ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਕਾਬੂ ਤਸਕਰਾਂ ਸਬੰਧੀ ਖੁਲਾਸਾ ਹੋਇਅ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਫੜੇ ਗਏ ਚਾਰੋਂ ਮੁਲਜ਼ਮ ਉਧਾਰ ਦੀ ਮਜ਼ਦੂਰੀ ’ਚ ਹੀ ਕੌਮਾਂਤਰੀ ਨਸ਼ਾ ਮਾਡਿਊਲ ਦੇ ਮੋਹਰੇ ਬਣ ਗਏ ਸਨ। ਇਸ ਸਬੰਧੀ ਡੀਜੀਪੀ ਪੰਜਾਬ ਅਤੇ ਏਆਈਜੀ ਕਾਉਂਟਰ ਇੰਟੈਲੀਜੈਂਸ ਵੱਲੋਂ ਵੱਖ-ਵੱਖ ਤੌਰ ’ਤੇ ਕੀਤੇ ਖੁਲਾਸਿਆਂ ’ਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਉਨ੍ਹਾਂ ਦੇ ਹੈਂਡਲਰਾਂ ਨੇ ਕੰਮ ਪੂਰਾ ਕਰਨ ਬਦਲੇ ਮੋਟੀ ਰਕਮ ਦੇਣ ਦਾ ਵਾਅਦਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਸ਼ਾਮ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਜ਼ਿਲ੍ਹੇ ਦੇ ਥਾਣਾ ਗੁਰੂਹਰਸਹਾਏ ਤਹਿਤ ਪੈਂਦੇ ਪਿੰਡ ਜੋਏ ਸਿੰਘ ਵਾਲਾ ਕੋਲੋਂ 28.12 ਕਿੱਲੋ ਹੈਰੋਇਨ ਅਤੇ 9.5 ਲੱਖ ਰੁਪਏ ਡਰੱਗ ਮਨੀ ਸਣੇ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਬਗੀਚਾ ਸਿੰਘ ਅਤੇ ਭੁਪਿੰਦਰ ਸਿੰਘ ਦੋਵੇਂ ਵਾਸੀ ਪਿੰਡ ਬੋਘੀ ਵਾਲਾ, ਗੁਰੂ ਹਰਸਹਾਏ; ਸਾਜਨ ਵਾਸੀ ਪਿੰਡ ਅਰਾਈਆਂ ਵਾਲਾ ਅਤੇ ਛਿੰਦਰਪਾਲ ਸਿੰਘ ਉਰਫ਼ ਰਿੰਕੂ ਵਾਸੀ ਲੱਖਾ ਸਿੰਘ ਵਾਲਾ ਫਿਰੋਜ਼ਪੁਰ ਵਜੋਂ ਹੋਈ ਹੈ।
ਹੈਰੋਇਨ ਦੀ ਇਹ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮ ਨੇ ਮੁਲਜ਼ਮਾਂ ਦੀ ਕਾਰ ਵੀ ਜ਼ਬਤ ਕਰ ਲਈ ਹੈ, ਜਿਸਦੀ ਵਰਤੋਂ ਉਹ ਨਸ਼ਾ ਤਸਕਰੀ ਲਈ ਕਰ ਰਹੇ ਸਨ। ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਡਿਊਲ ਦੇ ਵਿਦੇਸ਼ੀ ਤਸਕਰਾਂ ਅਤੇ ਹੈਂਡਲਰਾਂ ਨਾਲ ਸਬੰਧ ਸਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਭਾਰਤੀ ਖੇਤਰ ਦੇ ਅੰਦਰ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਕੇ ਇਸਨੂੰ ਅੱਗੇ ਵੰਡਣ ਦਾ ਕੰਮ ਸੌਂਪਿਆ ਸੀ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ’ਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਸਮੁੱਚੇ ਨੈੱਟਵਰਕ ਦਾ ਖਾਤਮਾ ਕੀਤਾ ਜਾ ਸਕੇ। ਉੱਧਰ, ਇਸ ਸਬੰਧੀ ਏਆਈਜੀ ਸੀਆਈ ਫਿਰੋਜ਼ਪੁਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ੱਕੀ ਬਗੀਚਾ ਸਿੰਘ, ਭੁਪਿੰਦਰ ਸਿੰਘ, ਸਾਜਨ ਅਤੇ ਛਿੰਦਰ ਪਾਲ ਉਰਫ਼ ਰਿੰਕੂ ਵੱਲੋਂ ਕੁਝ ਦਿਨ ਪਹਿਲਾਂ ਸਰਹੱਦ ਪਾਰੋਂ ਹੈਰੋਇਨ ਦੀ ਖੇਪ ਪ੍ਰਾਪਤ ਕੀਤੇ ਜਾਣ ਸਬੰਧੀ ਭਰੋਸੇਯੋਗ ਜਾਣਕਾਰੀ ਮਿਲੀ ਸੀ।
ਜਾਣਕਾਰੀ ’ਚ ਪਤਾ ਲੱਗਾ ਕਿ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਉਕਤ ਸ਼ੱਕੀ ਵਿਅਕਤੀ ਇਹ ਖੇਪ ਅੱਗੇ ਕਿਸੇ ਹੋਰ ਧਿਰ ਨੂੰ ਪਹੁੰਚਾਉਣ ਜਾ ਰਹੇ ਹਨ, ਜਿਸ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਗੁਰੂ ਹਰਸਹਾਏ ਦੇ ਖੇਤਰ ’ਚ ਸ਼ੱਕੀਆਂ ਨੂੰ ਘੇਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 28.12 ਕਿੱਲੋਗ੍ਰਾਮ ਹੈਰੋਇਨ ਅਤੇ 9.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰ ਲਈ।
ਇਸ ਸਬੰਧ ਵਿੱਚ ਐੱਨਡੀਪੀਐੱਸ ਐਕਟ ਦੀ ਧਾਰਾ 21, 25 ਅਤੇ 29 ਤਹਿਤ ਥਾਣਾ ਐੱਸਐੱਸਓਸੀ ਫਾਜ਼ਿਲਕਾ ਵਿਖੇ ਐੱਫਆਈਆਰ ਦਰਜ ਕੀਤੀ ਗਈ ਹੈ।
ਉਧਾਰੀ ’ਚ ਫਸ ਗਏ ਚਾਰੇ ਤਸਕਰ
ਦੱਸਣਯੋਗ ਹੈ ਕਿ ਫੜੇ ਚਾਰੇ ਤਸਕਰ ਵਿਦੇਸ਼ੀ ਹੈਂਡਲਰਾਂ ਦੇ ਲਾਲਚ ’ਚ ਅਜਿਹਾ ਫਸੇ ਕਿ ਉਹ ਉਧਾਰ ’ਚ ਮਾਲ ਡਲਿਵਰ ਕਰਨ ਲਈ ਰਾਜੀ ਹੋ ਗਏ। ਏਆਈਜੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਉਨ੍ਹਾਂ ਦੇ ਹੈਂਡਲਰਾਂ ਵੱਲੋਂ ਮੋਟੀ ਰਕਮ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਅੱਗੇ ਵਧਣ ਦੇ ਨਾਲ ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
