ਨਵੀਂ ਦਿੱਲੀ 21 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸਾਰੀਆਂ ਸੰਸਥਾਵਾਂ ਤੇ ਏਜੰਸੀਆਂ ਦੇ ਅੰਕੜੇ ਕਹਿੰਦੇ ਹਨ ਕਿ ਸੜਕ ਹਾਦਸਿਆਂ ਤੋਂ ਬਾਅਦ ਗੋਲਡਨ ਆਵਰ ਭਾਵ ਇਕ ਘੰਟੇ ਦੇ ਅੰਦਰ ਇਲਾਜ ਨਾ ਮਿਲਣ ਕਾਰਨ ਹਰ ਸਾਲ 50 ਹਜ਼ਾਰ ਤੋਂ 75 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਕਾਰਨ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਨੇ ਨੈਸ਼ਨਲ ਹਾਈਵੇ ਦੀਆਂ ਉਨ੍ਹਾਂ 278 ਅਤਿ ਸੰਵੇਦਨਸ਼ੀਲ ਥਾਵਾਂ ’ਤੇ ਦਸ ਮਿੰਟ ਦੇ ਅੰਦਰ ਐਂਬੂਲੈਂਸ ਪਹੁੰਚਾਉਣ ਦੀ ਯੋਜਨਾ ’ਤੇ ਕੰਮ ਸ਼ੁਰੂ ਕੀਤਾ ਹੈ, ਜਿੱਥੇ ਲਗਪਗ 70 ਫ਼ੀਸਦੀ ਸੜਕ ਹਾਦਸੇ ਹੁੰਦੇ ਹਨ। ਦਾਅਵਾ ਹੈ ਕਿ ਇੱਥੇ ਐਂਬੂਲੈਂਸ ਦਾ ਰਿਸਪਾਂਸ ਟਾਈਮ ਠੀਕ ਕਰਨ ਤੋਂ ਬਾਅਦ ਐੱਨਐੱਚਏਆਈ ਬਾਕੀ ਖੇਤਰਾਂ ’ਤੇ ਵੀ ਉਸੇ ਤਰਜ਼ ’ਤੇ ਕੰਮ ਕਰੇਗਾ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਇਸ ਆਧਾਰ ’ਤੇ ਨੈਸ਼ਨਲ ਹਾਈਵੇ ਦੇ ਬਲੈਕ ਸਪਾਟਾਂ ਦੀ ਪਛਾਣ ਕਰਦਾ ਹੈ ਕਿ ਜਿੱਥੇ ਤਿੰਨ ਸਾਲ ’ਚ ਪੰਜ ਜਾਂ ਉਸ ਤੋਂ ਵੱਧ ਸੜਕ ਹਾਦਸੇ ਹੋਏ ਹੋਣ। ਇਸ ਤਰ੍ਹਾਂ ਮੌਜੂਦਾ ਸਮੇਂ ’ਚ 80 ਹਜ਼ਾਰ ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ’ਤੇ 13 ਹਜਾ਼ਰ ਤੋਂ ਵੱਧ ਬਲੈਕ ਸਪਾਟ ਹਨ। ਇਨ੍ਹਾਂ ਨੂੰ ਸੁਧਾਰਨ ਲਈ ਲੰਬੇ ਸਮੇਂ ਤੇ ਥੋੜ੍ਹੇ ਸਮੇਂ ਦੇ ਉਪਾਅ ਲਗਾਤਾਰ ਚੱਲਦੇ ਰਹਿੰਦੇ ਹਨ। ਉਥੇ, ਐੱਨਐੱਚਏਆਈ ਨੇ ਪੂਰੇ ਨੈਸ਼ਨਲ ਹਾਈਵੇ ਨੈੱਟਵਰਕ ਦੀ ਮੈਪਿੰਗ ਕਰਵਾ ਕੇ ਉਨ੍ਹਾਂ ਬਿੰਦੂਆਂ ਨੂੰ ਪਛਾਣਿਆ ਹੈ ਜੋ ਸਭ ਤੋਂ ਵੱਧ ਸੰਵੇਦਨਸ਼ੀਲ ਹਨ। ਅਥਾਰਟੀ ਦੇ ਚੇਅਰਮੈਨ ਸੰਤੋਸ਼ ਯਾਦਵ ਦੇ ਮੁਤਾਬਕ, 80 ਹਜ਼ਾਰ ਕਿਲੋਮੀਟਰ ਦਾ 20 ਫ਼ੀਸਦੀ ਹਿੱਸਾ ਭਾਵ ਲਗਪਗ 16 ਹਜ਼ਾਰ ਕਿਲੋਮੀਟਰ ਦੇ ਘੇਰੇ ’ਚ 278 ਅਜਿਹੇ ਸਥਾਨ ਹਨ, ਜਿੱਥੇ 70 ਫ਼ੀਸਦੀ ਹਾਦਸੇ ਹੁੰਦੇ ਹਨ। ਇਸ ’ਚ ਵੀ ਬਦਕਿਸਮਤੀ ਇਹ ਹੈ ਕਿ ਇਨ੍ਹਾਂ ਥਾਵਾਂ ’ਤੇ ਐਂਬੂਲੈਂਸ ਪੁੱਜਣ ’ਚ 20 ਤੋਂ 25 ਮਿੰਟ ਤੱਕ ਲੱਗ ਜਾਂਦੇ ਹਨ ਜਦਕਿ ਐਂਬੂਲੈਂਸ ਪੁੱਜਣ ਦਾ ਆਮ ਤੌਰ ’ਤੇ ਔਸਤ ਸਮਾਂ 15 ਮਿੰਟ ਹੁੰਦਾ ਹੈ। ਹੁਣ ਐੱਨਐੱਚਏਆਈ ਨੇ ਯੋਜਨਾ ਬਣਾਈ ਹੈ ਕਿ ਸਭ ਤੋਂ ਪਹਿਲਾਂ ਇਨ੍ਹਾਂ ਅਤਿ ਸੰਵੇਦਨਸ਼ੀਲ ਸਥਾਨਾਂ ’ਤੇ ਐਂਬੂਲੈਂਸ ਦਾ ਰਿਸਪਾਂਸ ਟਾਈਮ ਘਟਾ ਕੇ 10 ਮਿੰਟ ’ਤੇ ਲਿਆਂਦਾ ਜਾਵੇ। ਇਸ ਦੀ ਰੀਅਲ ਟਾਈਮ ਮਾਨੀਟਰਿੰਗ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਜਿਸ ’ਤੇ ਐਪ ਆਧਾਰਿਤ ਕੈਬ ਦੀ ਮੂਵਮੈਂਟ ਦੇਖੀ ਜਾ ਸਕਦੀ ਹੈ, ਉਵੇਂ ਹੀ ਯਾਤਰੀ ਦੇਖ ਸਕਣਗੇ ਕਿ ਐਂਬੂਲੈਂਸ ਕਿੱਥੇ ਤੱਕ ਪੁੱਜ ਗਈ। ਇਸ ਵਿਵਸਥਾ ਨਾਲ ਜੁੜੀਆਂ ਏਜੰਸੀਆਂ ਵੀ ਦੇਖ ਸਕਣਗੀਆਂ ਕਿ ਹਾਦਸੇ ਵਾਲੀ ਥਾਂ ਦੇ ਸਭ ਤੋਂ ਨੇੜੇ ਕਿਹੜੀ ਐਂਬੂਲੈਂਸ ਹੈ।
ਐੱਨਐੱਚਏਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਯੋਜਨਾ ’ਤੇ ਅਮਲ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਇਨ੍ਹਾਂ ਅਤਿ ਸੰਵੇਦਨਸ਼ੀਲ ਥਾਵਾਂ ’ਤੇ ਐਂਬੂਲੈਂਸ ਦਾ ਰਿਸਪਾਂਸ ਟਾਈਮ ਘੱਟ ਹੋਣ ਤੋਂ ਬਾਅਦ ਨੈਸ਼ਨਲ ਹਾਈਵੇ ਨੈੱਟਵਰਕ ਦੇ ਹੋਰ ਹਿੱਸਿਆਂ ’ਤੇ ਵੀ ਇਸ ਲਈ ਕੰਮ ਕੀਤਾ ਜਾਵੇਗਾ ਤਾਂ ਜੋ ਗੋਲਡਨ ਆਵਰ ’ਚ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਉਪਲਬਧ ਕਰਵਾਉਣ ਲਈ ਹਸਪਤਾਲ ਪਹੁੰਚਾਇਆ ਜਾ ਸਕੇ।
18 ਸੂਬਿਆਂ ਦੇ 100 ਜ਼ਿਲ੍ਹਿਆਂ ’ਚ ਹਨ ਇਹ ਅਤਿ ਸੰਵੇਦਨਸ਼ੀਲ ਸਥਾਨ
ਸਭ ਤੋਂ ਵੱਧ ਹਾਦਸਿਆਂ ਵਾਲਾ ਨੈਸ਼ਨਲ ਹਾਈਵੇ ਨੈੱਟਵਰਕ ਦਾ ਜੋ 16 ਹਜ਼ਾਰ ਕਿਲੋਮੀਟਰ ਦਾ ਹਿੱਸਾ ਹੈ, ਉਹ 18 ਸੂਬਿਆਂ ਦੇ 100 ਜ਼ਿਲ੍ਹਿਆਂ ਤੋਂ ਹੋ ਕੇ ਲੰਘਦਾ ਹੈ। ਐੱਨਐੱਚਏਆਈ ਦੇ ਅਧਿਕਾਰੀਆਂ ਮੁਤਾਬਕ, ਇਸ ’ਚ ਸਭ ਤੋਂ ਵੱਧ ਹਿੱਸਾ ਮਹਾਰਾਸ਼ਟਰ ਦਾ ਹੈ, ਜਿਸ ਦੇ 19 ਜ਼ਿਲ੍ਹੇ ਇਸ ਘੇਰੇ ’ਚ ਆਉਂਦੇ ਹਨ। ਦੂਜੇ ਸਥਾਨ ’ਤੇ ਉੱਤਰ ਪ੍ਰਦੇਸ਼ ਦੇ 18 ਜ਼ਿਲ੍ਹੇ ਹਨ। ਇਸੇ ਤਰ੍ਹਾਂ ਤੀਜੇ ਨੰਬਰ ’ਤੇ ਤਾਮਿਲਨਾਡੂ, ਚੌਥੇ ’ਤੇ ਕਰਨਾਟਕ ਹੈ। ਇਸੇ ਤਰ੍ਹਾਂ ਬੰਗਾਲ, ਮੱਧ ਪ੍ਰਦੇਸ਼, ਹਰਿਆਣਾ, ਦਿੱਲੀ, ਆਂਧਰਾ ਪ੍ਰਦੇਸ਼ ਤੇਲੰਗਾਨਾ, ਓਡੀਸ਼ਾ ਤੇ ਕੇਰਲ ਵੀ ਇਸ ’ਚ ਸ਼ਾਮਲ ਹਨ।
