ਚੰਡੀਗੜ੍ਹ 08 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਵਿੱਚ ਇੱਕ ਪਾਸੇ ਕੁੱਲ ਅਪਰਾਧ ਦੇ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਗਈ ਹੈ, ਜਦਕਿ ਦੂਜੇ ਪਾਸੇ ਨਸ਼ੇ ਨਾਲ ਜੁੜੇ ਅਪਰਾਧਾਂ ਅਤੇ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਨੇ ਚਿੰਤਾ ਵਧਾ ਦਿੱਤੀ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਦੀ 7 ਮਈ ਨੂੰ ਜਾਰੀ ‘ਕ੍ਰਾਈਮ ਇਨ ਇੰਡੀਆ-2024’ ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ ਕੁੱਲ ਅਪਰਾਧਾਂ ਵਿੱਚ ਕਰੀਬ 6 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਪੰਜਾਬ ਵੀ ਓਵਰਆਲ ਕ੍ਰਾਈਮ ਇੰਡੈਕਸ ਵਿੱਚ ਨੀਵੇਂ-ਮੱਧਮ ਪੱਧਰ ਵਾਲੇ ਸੂਬਿਆਂ ਵਿੱਚ ਸ਼ਾਮਲ ਰਿਹਾ, ਪਰ ਡਰੱਗਜ਼ ਨਾਲ ਜੁੜੇ ਮਾਮਲਿਆਂ ਵਿੱਚ ਸਥਿਤੀ ਹਾਲੇ ਵੀ ਗੰਭੀਰ ਬਣੀ ਹੋਈ ਹੈ।
ਰਿਪੋਰਟ ਅਨੁਸਾਰ ਪੰਜਾਬ ਵਿੱਚ ਨਸ਼ੇ ਦੀ ਵੱਧ ਮਾਤਰਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2023 ਦੇ ਮੁਕਾਬਲੇ ਵਧੀ ਹੈ। ਸਾਲ 2023 ਵਿੱਚ 89 ਲੋਕਾਂ ਦੀ ਮੌਤ ਹੋਈ ਸੀ, ਜਦਕਿ 2024 ਵਿੱਚ ਇਹ ਅੰਕੜਾ ਵਧ ਕੇ 106 ਹੋ ਗਿਆ। ਹਾਲਾਂਕਿ ਇਹ ਗਿਣਤੀ 2022 ਵਿੱਚ ਦਰਜ 117 ਮੌਤਾਂ ਤੋਂ ਘੱਟ ਹੈ।
ਪਿਛਲੇ ਇੱਕ ਸਾਲ ਦੌਰਾਨ ਹਜ਼ਾਰਾਂ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਸਰਕਾਰ ਦਾ ਦਾਅਵਾ ਹੈ ਕਿ ਡਰੱਗ ਨੈੱਟਵਰਕ ਤੋੜਣ ਲਈ ਤਕਨੀਕ ਆਧਾਰਿਤ ਨਿਗਰਾਨੀ ਅਤੇ ਅੰਤਰਰਾਜੀ ਤਾਲਮੇਲ ਵਧਾਇਆ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਿਰਫ਼ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ, ਸਗੋਂ ਨੌਜਵਾਨਾਂ ਦੇ ਪੁਨਰਵਾਸ, ਰੁਜ਼ਗਾਰ ਅਤੇ ਜਾਗਰੂਕਤਾ ‘ਤੇ ਵੀ ਬਰਾਬਰ ਧਿਆਨ ਦੇਣਾ ਲਾਜ਼ਮੀ ਹੈ।
ਐਨਡੀਪੀਐੱਸ ਮਾਮਲਿਆਂ ‘ਚ ਦੇਸ਼ ‘ਚ ਚੌਥੇ ਨੰਬਰ ‘ਤੇ ਪੰਜਾਬ
ਐਨਸੀਆਰਬੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ 2024 ਦੌਰਾਨ ਐਨਡੀਪੀਐੱਸ ਐਕਟ ਤਹਿਤ 8,973 ਮਾਮਲੇ ਦਰਜ ਕੀਤੇ ਗਏ, ਜੋ ਦੇਸ਼ ਵਿੱਚ ਚੌਥੇ ਸਭ ਤੋਂ ਵੱਧ ਹਨ। ਪ੍ਰਤੀ ਲੱਖ ਆਬਾਦੀ ਪਿੱਛੇ 29 ਐਨਡੀਪੀਐੱਸ ਕੇਸਾਂ ਨਾਲ ਪੰਜਾਬ ਦੇਸ਼ ਵਿੱਚ ਦੂਜੇ ਸਥਾਨ ‘ਤੇ ਰਿਹਾ।
