ਚੰਡੀਗੜ੍ਹ 30 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) – ਗੁਰਦਾਸਪੁਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਉਹ ਦੱਸਣ ਕਿਉਂ ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਨੈਸ਼ਨਲ ਸਕਿਉਰਟੀ ਐਕਟ (ਐਨ ਐਸ ਏ) ਹਟਾਇਆ ਗਿਆ ਹੈ। ਰੇਲਵੇ ਟਰੈਕ ਨੂੰ ਉਡਾਉਣ ਦੀ ਧਮਕੀ ਅਤੇ ਭਾਰੀ ਮਾਤਰਾ ਵਿੱਚ ਫੜੀ ਗਈ ਵਿਸਫੋਟਕ ਸਮੱਗਰੀ ਨੂੰ ਲੈ ਕੇ ਉਹਨਾਂ ਪੰਜਾਬ ਅਤੇ ਕੇਂਦਰ ਸਰਕਾਰ ਦੀ ਖੁਫੀਆ ਏਜੰਸੀਆਂ ਫੇਲ੍ਹ ਹੋਣਾ ਦੱਸਿਆ ਹੈ।
ਰੰਧਾਵਾ ਨੇ ਪੰਜਾਬ ਸਰਕਾਰ ਵੱਲੋਂ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ‘ਤੇ ਵੀ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ 2022 ਵਿੱਚ ਆਪਰੇਸ਼ਨ ਲੋਟਸ ਦੇ ਮੱਦੇਨਜ਼ਰ ਸਪੈਸ਼ਲ ਸੈਸ਼ਨ ਕੀਤਾ ਗਿਆ ਸੀ। ਉਸ ਵਕਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਇਕ ਦਰਜਨ ਵਿਧਾਇਕਾਂ ਨੇ ਡੀਜੀਪੀ ਕੋਲ ਸ਼ਿਕਾਇਤ ਕੀਤੀ ਸੀ। ਉਹਨਾਂ ਨੇ ਕਿਹਾ ਕਿ ਸਰਕਾਰ ਅਤੇ ਡੀਜੀਪੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸ਼ਿਕਾਇਤ ਕਰਨ ਵਾਲੇ ਸ਼ੀਤਲ ਅੰਗੂਰਾਲ ਹੁਣ ਸਾਬਕਾ ਵਿਧਾਇਕ ਖੁਦ ਭਾਜਪਾ ਵਿੱਚ ਚਲੇ ਗਏ ਹਨ ਕੀ ਪੁਲਿਸ ਦੱਸੇਗੀ ਕਿ ਉਸ ਨੂੰ ਜਾਂਚ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਾਂ ਨਹੀਂ ਤੇ ਪੁਲਿਸ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ ਚਾਰਜ ਸ਼ੀਟ ਕਿਉਂ ਪੇਸ਼ ਨਹੀਂ ਕੀਤੀ ਗਈ।
ਰੰਧਾਵਾ ਨੇ ਕੱਲ੍ਹ ਬੁਲਾਏ ਜਾਣ ਵਾਲੇ ਸੈਸ਼ਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਭਰੋਸਗੀ ਦਾ ਮਤਾ ਲਿਆ ਕੇ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਛੇ ਮਹੀਨੇ ਤੱਕ ਫਿਰ ਉਹਨਾਂ ਨੂੰ ਰਾਜਪਾਲ ਸੈਸ਼ਨ ਬੁਲਾ ਕੇ ਬਹੁਮਤ ਸਾਬਿਤ ਕਰਨ ਲਈ ਨਹੀਂ ਕਹਿ ਸਕਦਾ।
