ਕਰਾਚੀ 30 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਪਾਕਿਸਤਾਨ ’ਚ ਲੋਕ ਖਾਣਾ ਬਣਾਉਣ ਲਈ ਗ਼ੁਬਾਰਿਆਂ ’ਚ ਗੈਸ ਜਮ੍ਹਾਂ ਕਰ ਰਹੇ ਹਨ। ਇਹ ਗੱਲ ਭਾਵੇਂ ਤੁਹਾਨੂੰ ਸੁਣਨ ’ਚ ਅਜੀਬ ਲੱਗ ਰਹੀ ਹੋਵੇ ਪਰ ਬਿਲਕੁਲ ਸੱਚ ਹੈ। ਕਰਾਚੀ ਦੇ ਕੁਝ ਹਿੱਸਿਆਂ ’ਚ ਰਹਿਣ ਵਾਲੇ ਲੋਕਾਂ ਨੇ ਗੈਸ ਨੂੰ ਪਲਾਸਟਿਕ ਦੇ ਗ਼ੁਬਾਰਿਆਂ ’ਚ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਲੰਬੇ ਸਮੇਂ ਤੱਕ ਚੱਲਣ ਵਾਲੀ ਗੈਸ ਕਟੌਤੀ ਤੇ ਘੱਟ ਪ੍ਰੈਸ਼ਰ ਕਾਰਨ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਇਹ ਤਰੀਕਾ ਖ਼ਾਸ ਤੌਰ ’ਤੇ ਕਰਾਚੀ ਦੇ ਓਰੰਗੀ ਟਾਊਨ ਇਲਾਕੇ ’ਚ ਸਾਹਮਣੇ ਆਇਆ ਹੈ, ਜਿਸ ਵਿਚ ਮੋਮਿਨਾਬਾਦ ਵੀ ਸ਼ਾਮਲ ਹੈ। ਇਥੋਂ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਗੈਸ ਦੀ ਬੇਨਿਯਮੀ ਸਪਲਾਈ ਕਾਰਨ ਉਨ੍ਹਾਂ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਹੈ। ਏਆਰਵਾਈ ਨਿਊਜ਼ ਅਨੁਸਾਰ, ਖ਼ਾਸ ਤੌਰ ’ਤੇ ਡਿਜ਼ਾਈਨ ਕੀਤੇ ਗਏ ਪਲਾਸਟਿਕ ਦੇ ਗ਼ੁਬਾਰਿਆਂ ਨੂੰ ਗੈਸ ਸਪਲਾਈ ਦੇ ਛੋਟੇ-ਛੋਟੇ ਵਕਫਿਆਂ ’ਚ ਭਰਿਆ ਜਾਂਦਾ ਹੈ ਤੇ ਬਾਅਦ ’ਚ ਇਨ੍ਹਾਂ ਦੀ ਵਰਤੋਂ ਘਰ ’ਚ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ। ਨਿਵਾਸੀਆਂ ਨੇ ਦੱਸਿਆ ਕਿ ਇਹ ਗ਼ੁਬਾਰੇ ਸਥਾਨਕ ਬਾਜ਼ਾਰਾਂ ’ਚ ਲਗਪਗ ਇਕ ਹਜ਼ਾਰ ਤੋਂ 1500 ਰੁਪਏ ਤੱਕ ਮਿਲ ਰਹੇ ਹਨ। ਇਨ੍ਹਾਂ ਨੂੰ ਉਦੋਂ ਭਰਿਆ ਜਾਂਦਾ ਹੈ, ਜਦੋਂ ਕੁਝ ਸਮੇਂ ਲਈ ਗੈਸ ਦੀ ਸਪਲਾਈ ਬਹਾਲ ਹੁੰਦੀ ਹੈ। ਇਕ ਵਾਰ ਭਾਰ ਜਾਣ ਤੋਂ ਬਾਅਦ ਇਨ੍ਹਾਂ ਗ਼ੁਬਾਰਿਆਂ ਨੂੰ ਗੈਸ ਲਾਈਨ ਤੋਂ ਵੱਖ ਕਰ ਦਿੱਤਾ ਜਾਂਦਾ ਹੈ ਤੇ ਫਿਰ ਪੂਰਾ ਦਿਨ ਖਾਣਾ ਬਣਾਉਣ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਨੂੰ ਇਕ ਕੰਮ ਚਲਾਊ ਸਿਸਟਮ ਦੇ ਤੌਰ ’ਤੇ ਵਰਤਿਆ ਜਾਂਦਾ ਹੈ।
