20 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਕੇਂਦਰ ਸਰਕਾਰ ਨੇ ਪੰਜਾਬ ’ਚੋਂ ਕਣਕ ਦੀ ਸਿੱਧੀ ਚੁਕਾਈ ਲਈ ਹੱਥ ਖੋਲ੍ਹ ਦਿੱਤਾ ਹੈ। ਸੂਬੇ ’ਚੋਂ ਸਿੱਧੀ ਚੁਕਾਈ ਲਈ ਅੱਜ ਟਰੇਨਾਂ ਦੀ ਗਿਣਤੀ ਵਧਾ ਦਿੱਤੀ ਹੈ ਜਿਸ ਨਾਲ ਖ਼ਰੀਦ ਏਜੰਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਖ਼ਰੀਦ ਮਾਪਦੰਡਾਂ ’ਚ ਛੋਟ ਦੇਣ ਦਾ ਮਾਮਲਾ ਲਟਕਣ ਨਾਲ ਮੰਡੀਆਂ ’ਚ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਸਨ ਅਤੇ ਇਸ ਮਾਮਲੇ ਨੇ ਸਿਆਸੀ ਰੰਗਤ ਫੜ ਲਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੀਟਿੰਗ ਕਰ ਕੇ ਸੂਬੇ ’ਚੋਂ ਅਨਾਜ ਚੁੱਕਣ ਦਾ ਮੁੱਦਾ ਚੁੱਕਿਆ ਸੀ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੋਂ ਫ਼ਸਲ ਦੀ ਮੰਡੀਆਂ ’ਚੋਂ ਸਿੱਧੀ ਚੁਕਾਈ ਲਈ ਗੱਡੀਆਂ ਦੀ ਗਿਣਤੀ ਵਧਾਏ ਜਾਣ ਦੀ ਮੰਗ ਵੀ ਰੱਖੀ ਸੀ। ਭਾਰਤੀ ਖ਼ੁਰਾਕ ਨਿਗਮ ਨੇ ਅੱਜ ਸੂਬੇ ’ਚ ਕਰੀਬ ਇੱਕ ਦਰਜਨ ਥਾਵਾਂ ਤੋਂ ਟਰੇਨਾਂ ’ਚ ਕਣਕ ਦੀ ਜਿਣਸ ਦੀ ਮੰਡੀਆਂ ’ਚੋਂ ਸਿੱਧੀ ਲੋਡਿੰਗ ਕੀਤੀ ਹੈ। ਇੱਕ ਗੱਡੀ ’ਚ ਕਰੀਬ 56 ਹਜ਼ਾਰ ਬੋਰੀ ਲੋਡ ਹੁੰਦੀ ਹੈ। ਪਟਿਆਲਾ, ਸਰਹਿੰਦ, ਸੁਨਾਮ, ਸ਼ੇਖ਼ਾ, ਤਪਾ, ਤਰਨ ਤਾਰਨ, ਖ਼ਾਸਾ, ਭੁਲੱਥ, ਸ੍ਰੀ ਮੁਕਤਸਰ ਸਾਹਿਬ, ਮਲੋਟ, ਗੋਨਿਆਣਾ ਮੰਡੀ ਅਤੇ ਬੰਗਾ ’ਚੋਂ ਫ਼ਸਲ ਦੀ ਲੋਡਿੰਗ ਹੋਈ ਹੈ। ਵੇਰਵਿਆਂ ਅਨੁਸਾਰ ਪਹਿਲੇ ਦਿਨ ਦੋ ਅਤੇ ਦੂਜੇ ਦਿਨ ਚਾਰ ਗੱਡੀਆਂ ਲੋਡ ਹੋਈਆਂ ਸਨ।
ਪੰਜਾਬ ’ਚੋਂ ਹੁਣ ਤੱਕ 10.08 ਲੱਖ ਬੋਰੀ ਕਣਕ ਸਿੱਧੀ ਚੁਕਾਈ ਹੋ ਚੁੱਕੀ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਵੱਲੋਂ ਭਾਰਤੀ ਖ਼ੁਰਾਕ ਨਿਗਮ ਨੂੰ ਰੋਜ਼ਾਨਾ ਪਲੈਨ ਚਾਰਟ ਦਿੱਤਾ ਜਾਂਦਾ ਹੈ ਜਿਸ ’ਚ ਪਹਿਲੇ ਨੰਬਰ ’ਤੇ ਤਰਜੀਹੀ ਮੰਡੀਆਂ ਦੀ ਸੂਚੀ ਹੁੰਦੀ ਹੈ। ਸੂਬਾ ਸਰਕਾਰ ਵੱਲੋਂ 22 ਲੱਖ ਮੀਟਰਿਕ ਟਨ ਕਣਕ ਦੀ ਸਿੱਧੀ ਚੁਕਾਈ ਦੀ ਯੋਜਨਾ ਬਣਾਈ ਗਈ ਹੈ। ਅਧਿਕਾਰੀਆਂ ਮੁਤਾਬਕ ਆਉਂਦੇ ਦਿਨਾਂ ’ਚ ਰੋਜ਼ਾਨਾ ਲੋਡ ਹੋਣ ਵਾਲੀਆਂ ਗੱਡੀਆਂ ਦਾ ਅੰਕੜਾ 20 ਤੱਕ ਪਹੁੰਚ ਸਕਦਾ ਹੈ। ਖ਼ਰੀਦ ਕੇਂਦਰਾਂ ’ਚ ਕਣਕ ਦੀ ਆਮਦ ਇਕਦਮ ਤੇਜ਼ ਹੋ ਗਈ ਹੈ ਅਤੇ ਖ਼ਰੀਦ ਦੇ ਕੰਮ ਨੇ ਵੀ ਰਫ਼ਤਾਰ ਫੜ ਲਈ ਹੈ। ਆਉਂਦਾ ਹਫ਼ਤਾ ਸੂਬਾ ਸਰਕਾਰ ਲਈ ਪ੍ਰੀਖਿਆ ਦੀ ਘੜੀ ਰਹੇਗਾ ਕਿਉਂਕਿ ਮੰਡੀਆਂ ’ਚ ਰਿਕਾਰਡ ਫ਼ਸਲ ਆਉਣ ਦੀ ਸੰਭਾਵਨਾ ਹੈ।
ਸੂਬੇ ਦੀਆਂ ਖ਼ਰੀਦ ਏਜੰਸੀਆਂ ਨੇ ਵੀ ਬੋਲੀ ਦਾ ਕੰਮ ਤੇਜ਼ ਕਰ ਦਿੱਤਾ ਹੈ ਪਰ ਭਾਰਤੀ ਖ਼ੁਰਾਕ ਨਿਗਮ ਵੱਲੋਂ ਹਾਲੇ ਤੱਕ 9 ਜ਼ਿਲ੍ਹਿਆਂ ’ਚ ਹੀ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਗਈ ਹੈ। ਜਿਨ੍ਹਾਂ ਮੰਡੀਆਂ ’ਚ ਜਿਣਸ ਜ਼ਿਆਦਾ ਆਈ ਹੈ, ਉੱਥੇ ਹਾਲੇ ਖ਼ਰੀਦ ਦਾ ਕੰਮ ਪੂਰੀ ਤਰ੍ਹਾਂ ਲੀਹ ’ਤੇ ਨਹੀਂ ਪਿਆ। ਸਰਕਾਰ ਦਾ ਦਾਅਵਾ ਹੈ ਕਿ ਹੁਣ ਕਿਧਰੇ ਕੋਈ ਮੁਸ਼ਕਲ ਨਹੀਂ ਰਹਿ ਗਈ। ਕਰੀਬ 5.35 ਲੱਖ ਗੱਠਾਂ ਬਾਰਦਾਨੇ ਦਾ ਪ੍ਰਬੰਧ ਵੀ ਹੋ ਚੁੱਕਿਆ ਹੈ ਜਦੋਂ ਕਿ ਲੋੜ 5 ਲੱਖ ਗੱਠਾਂ ਬਾਰਦਾਨੇ ਦੀ ਹੈ।
ਚੁਕਾਈ ਸਿਰਫ 12 ਫੀਸਦੀ ਹੋਈ
ਪੰਜਾਬ ਦੀਆਂ ਮੰਡੀਆਂ ’ਚ ਆਈ ਕਣਕ ਦੀ ਫਸਲ ’ਚੋਂ 88.72 ਫੀਸਦੀ ਕਣਕ ਦੀ ਖਰੀਦ ਹੋ ਚੁੱਕੀ ਹੈ ਪਰ ਚੁਕਾਈ ਦਾ ਕੰਮ ਕਾਫੀ ਸੁਸਤ ਹੈ। ਖਰੀਦੀ ਗਈ ਜਿਣਸ ’ਚੋਂ ਸਿਰਫ 12 ਫੀਸਦੀ ਫਸਲ ਹੀ ਮੰਡੀਆਂ ’ਚੋਂ ਚੁੱਕੀ ਗਈ ਹੈ। ਹੁਣ ਤੱਕ ਮੰਡੀਆਂ ’ਚ ਆਈ ਕੁੱਲ 38.72 ਲੱਖ ਮੀਟਰਿਕ ਟਨ ਕਣਕ ’ਚੋਂ 34.16 ਲੱਖ ਮੀਟਰਿਕ ਟਨ ਕਣਕ ਖਰੀਦੀ ਗਈ ਹੈ। ਮੰਡੀਆਂ ’ਚੋਂ ਸਿੱਧੀ ਚੁਕਾਈ ਲਈ ਭਲਕੇ 10 ਟਰੇਨਾਂ ’ਚ ਕਣਕ ਲੋਡ ਹੋਵੇਗੀ।
