ਚੰਡੀਗੜ੍ਹ 15 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਨਸ਼ੇ ਵਿਰੁੱਧ ਜੰਗ ਨੂੰ ਲੈ ਕੇ ਪੰਜਾਬ ਅਤੇ ਕੈਨੇਡਾ ਦੀ ਤਸਵੀਰ ਇੱਕ-ਦੂਜੇ ਤੋਂ ਵੱਖਰੀ ਜ਼ਰੂਰ ਹੈ, ਪਰ ਦੋਵਾਂ ਥਾਵਾਂ ‘ਤੇ ਸਮੱਸਿਆ ਗੰਭੀਰ ਬਣੀ ਹੋਈ ਹੈ। ਜਿੱਥੇ ਪੰਜਾਬ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ ਡਰੱਗ ਓਵਰਡੋਜ਼ ਨਾਲ ਕੁਝ ਸੌ ਮੌਤਾਂ ਦਰਜ ਕੀਤੀਆਂ ਗਈਆਂ ਹਨ, ਉੱਥੇ ਹੀ ਕੈਨੇਡਾ ਵਿੱਚ ਇਹ ਅੰਕੜਾ 18 ਹਜ਼ਾਰ ਦੇ ਪਾਰ ਪਹੁੰਚ ਚੁੱਕਾ ਹੈ। ਇਸ ਵੱਡੇ ਅੰਤਰ ਨੇ ਵਿਸ਼ਵ ਪੱਧਰ ‘ਤੇ ਨਸ਼ਾ ਨੀਤੀ ਅਤੇ ਰੋਕਥਾਮ ਦੇ ਉਪਾਵਾਂ ‘ਤੇ ਨਵੀਂ ਬਹਿਸ ਛੇੜ ਦਿੱਤੀ ਹੈ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 2016 ਵਿੱਚ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤੇ ਜਾਣ ਦੇ ਦਸ ਸਾਲ ਪੂਰੇ ਹੋਣ ‘ਤੇ ਵਿਆਪਕ ਪੱਧਰ ‘ਤੇ ਸੋਗ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ‘ਮੌਮਸ ਸਟੌਪ ਦ ਹਾਰਮ’ ਅਤੇ ‘ਡਾਕਟਰਜ਼ ਫਾਰ ਸੇਫਰ ਡਰੱਗ ਪਾਲਿਸੀ’ ਵਰਗੀਆਂ ਜਥੇਬੰਦੀਆਂ ਰੈਲੀਆਂ, ਮੌਨ ਸ਼ਰਧਾਂਜਲੀ, ਕਲਾ ਪ੍ਰਦਰਸ਼ਨੀਆਂ ਅਤੇ ਵੈਬਿਨਾਰਾਂ ਰਾਹੀਂ ਮ੍ਰਿਤਕਾਂ ਨੂੰ ਯਾਦ ਕਰ ਰਹੀਆਂ ਹਨ। ਇਹਨਾਂ ਪ੍ਰੋਗਰਾਮਾਂ ਰਾਹੀਂ ਸਰਕਾਰ ‘ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਹੋਰ ਠੋਸ ਕਦਮ ਚੁੱਕੇ ਜਾਣ।
ਰਿਪੋਰਟਾਂ ਅਨੁਸਾਰ, ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਵਿੱਚ 1,833 ਲੋਕਾਂ ਦੀ ਓਵਰਡੋਜ਼ ਨਾਲ ਮੌਤ ਹੋਈ। ਹਾਲਾਂਕਿ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 21 ਫੀਸਦੀ ਘੱਟ ਹੈ, ਪਰ 2015 ਦੇ ਮੁਕਾਬਲੇ ਅਜੇ ਵੀ ਲਗਭਗ ਚਾਰ ਗੁਣਾ ਵੱਧ ਬਣਿਆ ਹੋਇਆ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ‘ਹਾਰਮ ਰਿਡਕਸ਼ਨ’, ਇਲਾਜ ਅਤੇ ਮੁੜ ਵਸੇਬਾ ਪ੍ਰੋਗਰਾਮਾਂ ਦਾ ਹੋਰ ਵਿਸਤਾਰ ਕਰਨਗੇ।
ਦੂਜੇ ਪਾਸੇ, ਪੰਜਾਬ ਵਿੱਚ ਸਥਿਤੀ ਮੁਕਾਬਲਤਨ ਕਾਬੂ ਹੇਠ ਜਾਪਦੀ ਹੈ, ਪਰ ਖ਼ਤਰਾ ਇੱਥੇ ਵੀ ਬਣਿਆ ਹੋਇਆ ਹੈ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਅਨੁਸਾਰ, ਰਾਜ ਵਿੱਚ 2021 ਵਿੱਚ 78, 2022 ਵਿੱਚ 144 ਅਤੇ 2023 ਵਿੱਚ 89 ਲੋਕਾਂ ਦੀ ਮੌਤ ਡਰੱਗ ਓਵਰਡੋਜ਼ ਨਾਲ ਹੋਈ। ਲਗਾਤਾਰ ਦੂਜੇ ਸਾਲ ਦੇਸ਼ ਵਿੱਚ ਸਭ ਤੋਂ ਵੱਧ ਅਜਿਹੇ ਮਾਮਲੇ ਪੰਜਾਬ ਵਿੱਚੋਂ ਸਾਹਮਣੇ ਆਏ ਹਨ, ਜਿਸ ਨਾਲ ਇਹ ਮੁੱਦਾ ਸਿਆਸੀ ਅਤੇ ਸਮਾਜਿਕ ਬਹਿਸ ਦਾ ਕੇਂਦਰ ਬਣ ਗਿਆ ਹੈ।
ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਹਰ ਸਾਲ 80 ਤੋਂ 140 ਦੇ ਵਿਚਕਾਰ ਓਵਰਡੋਜ਼ ਮੌਤਾਂ ਦਰਜ ਹੋ ਰਹੀਆਂ ਹਨ। ਵਿਰੋਧੀ ਪਾਰਟੀਆਂ ਸਰਕਾਰ ‘ਤੇ ਨਸ਼ਾ ਤਸਕਰੀ ‘ਤੇ ਲਗਾਮ ਨਾ ਕਸਣ ਦੇ ਦੋਸ਼ ਲਗਾਉਂਦੀਆਂ ਰਹੀਆਂ ਹਨ, ਜਦਕਿ ਸਰਕਾਰ ਦਾ ਦਾਅਵਾ ਹੈ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਅਤੇ ਹੋਰ ਏਜੰਸੀਆਂ ਰਾਹੀਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਅੰਕੜਿਆਂ ਵਿੱਚ ਵੱਡਾ ਅੰਤਰ ਹੋਵੇ, ਪਰ ਦੋਵਾਂ ਖੇਤਰਾਂ ਵਿੱਚ ਸਮੱਸਿਆ ਦੀ ਜੜ੍ਹ ਇੱਕੋ ਜਿਹੀ ਹੈ—ਨਾਜਾਇਜ਼ ਨਸ਼ਿਆਂ ਦੀ ਉਪਲਬਧਤਾ ਅਤੇ ਨਸ਼ੇ ਦੀ ਵਧਦੀ ਲਤ। ਕੈਨੇਡਾ ਵਿੱਚ ਫੈਂਟਾਨਿਲ ਵਰਗੇ ਸ਼ਕਤੀਸ਼ਾਲੀ ਓਪੀਔਡਜ਼ ਨੇ ਸੰਕਟ ਨੂੰ ਡੂੰਘਾ ਕੀਤਾ ਹੈ, ਜਦਕਿ ਪੰਜਾਬ ਵਿੱਚ ਵੀ ਤਸਕਰੀ ਨੈੱਟਵਰਕ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।
