15 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਤਿੰਨ ਜ਼ਿਮਨੀ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਨ ਤੋਂ ਅਗਲੇ ਹੀ ਦਿਨ ਇਕ ਅਹਿਮ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਕਿ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਅਤੇ ਹਵਾਈ ਇੰਧਨ ’ਤੇ ਲੱਗਣ ਵਾਲਾ ਫੈਡਰਲ ਐਕਸਾਈਜ਼ ਟੈਕਸ ਅਸਥਾਈ ਤੌਰ ’ਤੇ ਹਟਾਇਆ ਜਾ ਰਿਹਾ ਹੈ।
ਇਹ ਫ਼ੈਸਲਾ 20 ਅਪਰੈਲ, ਸੋਮਵਾਰ ਤੋਂ ਲਾਗੂ ਹੋਵੇਗਾ, ਜਿਸ ਨਾਲ ਗੈਸ ਦੀ ਕੀਮਤ ਵਿੱਚ ਲਗਪਗ 10 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ ਕਰੀਬ 4 ਸੈਂਟ ਪ੍ਰਤੀ ਲੀਟਰ ਦੀ ਕਮੀ ਆਉਣ ਦੀ ਉਮੀਦ ਹੈ। ਇਹ ਰਾਹਤ ਲੇਬਰ ਡੇਅ ਤੱਕ ਜਾਰੀ ਰਹੇਗੀ। ਇਸ ਦੇ ਨਾਲ ਹੀ ਹਵਾਈ ਜਹਾਜ਼ਾਂ ਦੇ ਫਿਊਲ ’ਤੇ ਲੱਗਦਾ 4 ਸੈਂਟ ਪ੍ਰਤੀ ਲੀਟਰ ਟੈਕਸ ਵੀ ਖ਼ਤਮ ਕੀਤਾ ਜਾ ਰਿਹਾ ਹੈ। ਸਰਕਾਰ ਦੇ ਮੁਤਾਬਕ ਇਸ ਕਦਮ ਨਾਲ ਕਰੀਬ 2.4 ਬਿਲੀਅਨ ਡਾਲਰ ਦਾ ਵਿੱਤੀ ਭਾਰ ਪਵੇਗਾ।
ਉਨ੍ਹਾਂਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਇਸ ਫ਼ੈਸਲੇ ਨਾਲ ਟਰੱਕਿੰਗ, ਖਾਣ-ਪੀਣ, ਖੇਤੀਬਾੜੀ, ਹਾਊਸਿੰਗ, ਨਿਰਮਾਣ ਅਤੇ ਡਿਲਿਵਰੀ ਵਰਗੇ ਖੇਤਰਾਂ ਵਿੱਚ ਕੰਮ ਕਰ ਰਹੇ ਕਾਰੋਬਾਰਾਂ ਦੇ ਖ਼ਰਚੇ ਘਟਣਗੇ, ਜਿਸ ਨਾਲ ਆਰਥਿਕ ਗਤੀਵਿਧੀਆਂ ਨੂੰ ਵੀ ਮਦਦ ਮਿਲੇਗੀ। ਇਸ ਸਮੇਂ ਕੈਨੇਡਾ ਵਿੱਚ ਗੈਸ ਦੀ ਔਸਤ ਕੀਮਤ 176 ਸੈਂਟ ਪ੍ਰਤੀ ਲੀਟਰ ਤੋਂ ਵੱਧ ਹੈ, ਜਦਕਿ ਇਸ ਤੋਂ ਪਹਿਲਾਂ ਜਦੋਂ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਾ ਕੀਤਾ ਗਿਆ ਸੀ, ਕੀਮਤ ਲਗਭਗ 126 ਸੈਂਟ ਪ੍ਰਤੀ ਲੀਟਰ ਸੀ।
ਕਾਰਨੀ ਨੇ ਕਿਹਾ ਕਿ ਮਹਿੰਗਾਈ ’ਤੇ ਕਾਬੂ ਪਾਉਣਾ, ਵਧੇਰੇ ਘਰ ਬਣਾਉਣਾ ਅਤੇ ਵੱਡੇ ਵਿਕਾਸ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕੈਨੇਡਾ ਲਈ ਆਪਣੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਅਤੇ ਖੁਦਿਨਰਭਰ ਬਣਾਉਣ ਦੀ ਲੋੜ ਨੂੰ ਸਪੱਸ਼ਟ ਕੀਤਾ ਹੈ। ਉਨ੍ਹਾਂ ਨੇ ਆਈ ਐੱਮ ਐੱਫ਼ ਦੀ ਤਾਜ਼ਾ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਉਮੀਦ ਹੈ ਕਿ ਕੈਨੇਡਾ ਮੰਦੀ ਤੋਂ ਬਚ ਜਾਵੇਗਾ।
