15 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਦੇ ਖ਼ਰੀਦ ਕੇਂਦਰਾਂ ’ਚ ਕਿਸਾਨਾਂ ਨੂੰ ਸਖ਼ਤ ਖ਼ਰੀਦ ਮਾਪਦੰਡਾਂ ਨੇ ਰੋਲ਼ ਦਿੱਤਾ ਹੈ। ਕਿਸਾਨਾਂ ਅਨੁਸਾਰ ਪਹਿਲਾਂ ਬੇਮੌਸਮੇ ਮੀਂਹ ਅਤੇ ਗੜਿਆਂ ਨੇ ਫ਼ਸਲ ਝੰਬ ਦਿੱਤੀ ਅਤੇ ਹੁਣ ਮੰਡੀਆਂ ’ਚ ਖ਼ਰੀਦ ਅਧਿਕਾਰੀ ਢੇਰੀਆਂ ਦੇ ਨੇੜੇ ਨਹੀਂ ਲੱਗ ਰਹੇ। ਅੱਜ ਵਿਸਾਖੀ ਮੌਕੇ ਵੀ ਕਿਸਾਨਾਂ ਨੂੰ ਮੰਡੀਆਂ ’ਚ ਖੱਜਲ ਹੋਣਾ ਪਿਆ। ਪੰਜਾਬ ਸਰਕਾਰ ਨੇ ਇਸ ਵਾਰ 122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿਥਿਆ ਹੈ ਪਰ ਕਿਸਾਨਾਂ ਨੂੰ ਮੰਡੀਆਂ ’ਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਅਧਿਕਾਰੀ ਖ਼ਰੀਦ ਮਾਪਦੰਡਾਂ ਨਾਲ ਸਮਝੌਤਾ ਕਰ ਕੇ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ।
13 ਅਪਰੈਲ ਤੱਕ ਸੂਬੇ ਦੀਆਂ ਮੰਡੀਆਂ ਵਿੱਚ 2.33 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਜਿਸ ’ਚੋਂ ਸਿਰਫ਼ 33,930 ਮੀਟਰਿਕ ਟਨ (ਕਰੀਬ 15 ਫ਼ੀਸਦੀ) ਹੀ ਖ਼ਰੀਦੀ ਜਾ ਸਕੀ ਹੈ। ਬੋਰੀਆਂ ਦੀ ਗਿਣਤੀ ਅਨੁਸਾਰ 46.60 ਲੱਖ ਬੋਰੀਆਂ ’ਚੋਂ ਮਹਿਜ਼ 6.78 ਲੱਖ ਬੋਰੀਆਂ ਦੀ ਖ਼ਰੀਦ ਹੋਈ ਹੈ ਅਤੇ ਕਰੀਬ 40 ਲੱਖ ਬੋਰੀਆਂ ਹਾਲੇ ਵੀ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ
ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਫ਼ਸਲ ਦੀ ਫ਼ੌਰੀ ਖ਼ਰੀਦ ਲਈ ਤਾੜਨਾ ਕੀਤੀ ਹੈ। ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਮੁੱਖ ਸਕੱਤਰ ਨੇ ਮੀਟਿੰਗ ਵੀ ਕੀਤੀ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਕਰ ਕੇ ਖ਼ਰੀਦ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਨੇ ਕੁੱਝ ਦਿਨ ਪਹਿਲਾਂ ਹੀ ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਕੋਲ ਅਨਾਜ ਪ੍ਰਬੰਧਨ ਦਾ ਮੁੱਦਾ ਚੁੱਕਿਆ ਸੀ।
ਬਰਨਾਲਾ ਮੰਡੀ ਵਿੱਚ ਪਿੰਡ ਕਰਮਗੜ੍ਹ ਦੇ ਕਿਸਾਨ ਬਲਕੌਰ ਸਿੰਘ ਅਤੇ ਨਾਜਰ ਸਿੰਘ ਅਨੁਸਾਰ ਉਹ ਹਫ਼ਤੇ ਤੋਂ ਅਧਿਕਾਰੀਆਂ ਅਤੇ ਬਾਰਦਾਨੇ ਦੀ ਉਡੀਕ ਕਰ ਰਹੇ ਹਨ। ਫ਼ਰੀਦਕੋਟ ਦੇ ਪਿੰਡ ਰੋੜੀਕਪੂਰਾ ਦੀ ਮੰਡੀ ਫ਼ਸਲ ਨਾਲ ਭਰ ਜਾਣ ਕਾਰਨ ਕਿਸਾਨ ਗਲੀਆਂ ਅਤੇ ਕੱਚੇ ਥਾਵਾਂ ’ਤੇ ਕਣਕ ਉਤਾਰਨ ਲਈ ਮਜਬੂਰ ਹਨ। ਸੰਗਰੂਰ ਅਤੇ ਲੁਧਿਆਣਾ ਦੇ ਕਿਸਾਨਾਂ ਅਨੁਸਾਰ ਖ਼ਰੀਦ ਏਜੰਸੀਆਂ ਨਮੀ ਜ਼ਿਆਦਾ ਹੋਣ, ਦਾਣਾ ਸੁੰਗੜਨ ਜਾਂ ਕਾਲਾ ਪੈਣ ਦਾ ਬਹਾਨਾ ਬਣਾ ਕੇ ਬੋਲੀ ਨਹੀਂ ਲਾ ਰਹੀਆਂ। ਮੀਂਹ ਕਾਰਨ ਸੂਬੇ ਵਿੱਚ ਪਹਿਲਾਂ ਹੀ 1.30 ਲੱਖ ਏਕੜ ਫ਼ਸਲ ਨੁਕਸਾਨੀ ਜਾ ਚੁੱਕੀ ਹੈ।
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਦਾਦੂਮਾਜਰਾ ਦੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਫ਼ਸਲ ਦੀ ਵਾਢੀ ਲੇਟ ਹੋ ਗਈ ਹੈ। ਇਸ ਵਾਰ ਫ਼ਸਲ ਦਾ ਝਾੜ ਵੀ ਪ੍ਰਭਾਵਿਤ ਹੋਇਆ ਹੈ।
ਭਲਕੇ ਹੋ ਸਕਦੈ ਖ਼ਰੀਦ ਮਾਪਦੰਡਾਂ ’ਚ ਢਿੱਲ ਬਾਰੇ ਫ਼ੈਸਲਾ
ਕੇਂਦਰੀ ਟੀਮ ਨੇ ਪੰਜਾਬ ਵਿੱਚ ਮੀਂਹ ਕਾਰਨ ਨੁਕਸਾਨੀ ਕਣਕ ਦੀ ਫ਼ਸਲ ਦੇ ਨਮੂਨੇ ਲੈਣ ਦਾ ਕੰਮ ਮੁਕੰਮਲ ਕਰ ਲਿਆ ਹੈ ਅਤੇ ਛੇ ਜ਼ਿਲ੍ਹਿਆਂ ਦੇ ਨਮੂਨਿਆਂ ਦੀ ਟੈਸਟਿੰਗ ਵੀ ਹੋ ਚੁੱਕੀ ਹੈ। ਪਤਾ ਲੱਗਿਆ ਹੈ ਕਿ ਭਲਕੇ ਸਾਰੇ ਨਮੂਨਿਆਂ ਦੀ ਟੈੱਸਟ ਰਿਪੋਰਟ ਕੇਂਦਰ ਕੋਲ ਚਲੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਖ਼ਰੀਦ ਮਾਪਦੰਡਾਂ ’ਚ ਢਿੱਲ ਦੇਣ ਬਾਰੇ 16 ਅਪਰੈਲ ਨੂੰ ਕੋਈ ਐਲਾਨ ਕਰ ਸਕਦੀ ਹੈ।
ਸਰਕਾਰ ਕਿਸਾਨਾਂ ਦਾ ਸਬਰ ਨਾ ਪਰਖੇ: ਮੋਰਚਾ
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਪ੍ਰੇਮ ਸਿੰਘ ਭੰਗੂ, ਮੁਕੇਸ਼ ਚੰਦਰ ਸ਼ਰਮਾ ਅਤੇ ਬਲਦੇਵ ਸਿੰਘ ਲਤਾਲਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦਾ ਸਬਰ ਨਾ ਪਰਖੇ। ਜੇ ਖ਼ਰੀਦ ਤੁਰੰਤ ਸ਼ੁਰੂ ਨਾ ਹੋਈ ਤਾਂ ਮੋਰਚਾ ਤਿੱਖਾ ਸੰਘਰਸ਼ ਵਿੱਢੇਗਾ। ਉਨ੍ਹਾਂ ਦੋਸ਼ ਲਾਇਆ ਕਿ ਰਾਹਤ ਦੇਣ ਦੀ ਬਜਾਏ ਕਿਸਾਨਾਂ ਨੂੰ ਜਾਣਬੁੱਝ ਕੇ ਖੱਜਲ ਕੀਤਾ ਜਾ ਰਿਹਾ ਹੈ।
