ਫ਼ਰੀਦਕੋਟ 29 ਫਰਵਰੀ 2024 (ਪੰਜਾਬੀ ਖਬਰਨਾਮਾ) :ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ  ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਲ੍ਹਾ ਫਰੀਦਕੋਟ ਵਿੱਚ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਬਲਾਕ ਫਰੀਦਕੋਟ ਦੇ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ  ਸਥਾਨਕ ਆਤਮਾ ਮੀਟਿੰਗ ਹਾਲ ਵਿੱਚ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ  ਬਲਾਕ ਫਰੀਦਕੋਟ ਦੇ ਸਮੂਹ ਖੇਤੀ ਸਮੱਗਰੀ ਵਿਕਰੇਤਾ ਸ਼ਾਮਿਲ ਹੋਏ। ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋਂ ਕੀਤੀ ਗਈ।


ਮੀਟਿੰਗ ਵਿੱਚ ਮੌਜੂਦ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਜ਼ਿਲਾ ਫਰੀਦਕੋਟ ਦੇ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹੱਈਆ ਕਰਵਾਉਣੀ ਮੁੱਢਲੀ ਜਿੰਮੇਵਾਰੀ ਹੈ ਤਾਂ ਜੋ ਫਸਲਾਂ ਦੇ ਉਤਪਾਦਨ ਵਿੱਚ ਖੇਤੀ ਲਾਗਤ ਖਰਚੇ ਘਟਾ ਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ  ਖੇਤੀ ਸਮੱਗਰੀ ਵਿਕ੍ਰੇਤਾ,ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਵਿੱਚ ਅਹਿਮ ਕੜੀ ਦਾ ਕੰਮ ਕਰਦੇ ਹਨ ਅਤੇ ਹਰੇਕ ਡੀਲਰ ਨੂੰ ਖੇਤੀ ਤਕਨੀਕਾਂ ਦੀ ਜਾਣਕਾਰੀ ਪੱਖੋਂ ਮਜ਼ਬੂਤ ਹੋਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਖੇਤੀ ਤਕਨੀਕ ਪੱਖੋਂ ਮਜ਼ਬੂਤ ਹੋਣ ਲਈ ਹਰੇਕ ਡੀਲਰ ਦੇ ਕਾਉਂਟਰ ਉਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ  ਵੱਲੋਂ ਪ੍ਰਕਾਸ਼ਤ ਕੀਤੀ ਜਾਂਦੀ ਹਾੜੀ-ਸਾਉਣੀ ਦੀਆ ਫਸਲਾਂ ਦੀਆਂ ਕਾਸ਼ਤਕਾਰੀ ਸਿਫਾਰਸ਼ਾਂ ਦੀ ਕਿਤਾਬ ਅਤੇ ਚੰਗੀ ਖੇਤੀ ਮੈਗਜ਼ੀਨ ਹੋਣਾ ਚਾਹੀਦਾ ਹੈ। ਉਹਨਾਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਲਾਇਸੰਸ ਅਤੇ ਹੋਰ ਜਰੂਰੀ ਦਸਤਾਵੇਜ ਪੂਰੇ ਕਰਕੇ ਰੱਖਣ ਅਤੇ ਇਸ ਵਿੱਚ ਕਿਸੇ ਵੀ ਤਰ੍ਹਾ ਦੀ ਕੁਤਾਹੀ ਨਾ ਵਰਤੀ ਜਾਵੇ।

 ਉਹਨਾਂ ਇਹ ਵੀ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਜੋ ਵੀ ਖੇਤੀ ਸਮੱਗਰੀ ਦੀ ਵਿਕਰੀ ਕੀਤੀ ਜਾਂਦੀ ਹੈ , ਉਸ ਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ ਅਤੇ ਕੇਵਲ ਲੋੜੀਂਦੀ ਸਮੱਗਰੀ ਹੀ ਕਿਸਾਨਾਂ ਨੂੰ ਸੇਲ ਕੀਤੀ ਜਾਵੇ ਅਤੇ ਕੋਈ ਹੋਰ ਬੇਲੋੜੀਆਂ ਵਸਤਾਂ ਕਿਸਾਨਾਂ ਨੂੰ ਨਾ ਦਿੱਤੀਆਂ  ਜਾਣ । ਉਹਨਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਕੋਈ ਦੁਕਾਨਦਾਰ ਬਗੈਰ ਬਿੱਲ ਤੋਂ ਖਾਦ,ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985,ਇਸੈਕਟੀਸਾਈਡ ਐਕਟ 1968, ਸੀਡ ਕੰਟਰੋਲ ਆਰਡਰ 1983 ਅਤੇ ਜ਼ਰੂਰ ਵਸਤਾਂ ਐਕਟ 1955 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ,ਕੀਟਨਾਸ਼ਕ ਰਸਾਇਣ ਜਾਂ ਬੀਜ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੀ ਲਿਖਤੀ ਤੌਰ ਤੇ ਸ਼ਿਕਾਇਤ ਸੰਬੰਧਤ ਖੇਤੀਬਾੜੀ ਅਧਿਕਾਰੀ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਕਰਨ।

ਇਸ ਮੌਕੇ ਬਲਾਕ ਫਰੀਦਕੋਟ ਦੇ ਸਮੂਹ ਖੇਤੀਬਾੜੀ ਸਮੱਗਰੀ ਵਿਕ੍ਰਤਾਵਾਂ ਤੋਂ ਇਲਾਵਾ ਸ਼੍ਰੀ ਪਰਮਿੰਦਰ ਸਿੰਘ,ਸ਼੍ਰੀ ਰੁਪਿੰਦਰ ਸਿੰਘ ,ਰਮਨਦੀਪ ਸਿੰਘ,ਅਤੇ ਸ਼੍ਰੀ ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਫਰੀਦਕੋਟ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।