ਨਵੀਂ ਦਿੱਲੀ, 19 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਚੈੱਕ ਬਾਊਂਸ ਦੇ ਮਾਮਲੇ ਵਿਚ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਹਾਲੇ ਅਦਾਕਾਰ ਰਾਜਪਾਲ ਯਾਦਵ ਨੂੰ ਜੇਲ੍ਹ ਨਹੀਂ ਭੇਜੇਗੀ। ਜਸਟਿਸ ਸਵਰਨ ਕਾਂਤਾ ਸ਼ਰਮਾ ਦੇ ਬੈਂਚ ਨੇ ਕਿਹਾ ਕਿ ਚੈੱਕ ਬਾਊਂਸ ਦੇ ਮਾਮਲਿਆਂ ਵਿਚ ਸ਼ਿਕਾਇਤਕਰਤਾ ਨੂੰ ਵੱਡੀ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਨਾਲ ਹੀ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਉਣ ਦੇ ਟ੍ਰਾਇਲ ਕੋਰਟ ਦੇ ਫੈਸਲੇ ’ਤੇ ਬਹਿਸ ਕਰਨ ਦੀ ਆਗਿਆ ਦਿੰਦੇ ਹੋਏ ਸੁਣਵਾਈ ਪਹਿਲੀ ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ।
ਅਦਾਲਤ ਨੇ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਰਾਜਪਾਲ ਵੱਲੋਂ ਕਿਹਾ ਗਿਆ ਕਿ ਉਹ ਸਜ਼ਾ ’ਤੇ ਰੋਕ ਲਗਾਉਣ ਲਈ ਇਕ ਹੋਰ ਅਰਜ਼ੀ ਦੇ ਰਹੇ ਹਨ। ਇਸ ’ਤੇ ਬੈਂਚ ਨੇ ਕਿਹਾ ਕਿ ਹੁਣ ਅਦਾਲਤ ਉਨ੍ਹਾਂ ਨੂੰ ਜੇਲ੍ਹ ਨਹੀਂ ਭੇਜ ਰਹੀ। ਮਾਮਲੇ ਨਾਲ ਜੁੜੀ ਮੁੱਖ ਪਟੀਸ਼ਨ ’ਤੇ ਅਦਾਲਤ ਹੁਣ ਸੁਣਵਾਈ ਕਰੇਗੀ। ਇਸ ਦੌਰਾਨ ਰਾਜਪਾਲ ਅਦਾਲਤ ਵਿਚ ਮੌਜੂਦ ਰਹੇ। ਕੋਰਟ ਨੇ ਪੁੱਛਿਆ ਕਿ ਕੀ ਉਹ ਸ਼ਿਕਾਇਤਕਰਤਾ ਨੂੰ ਭੁਗਤਾਨ ਕਰ ਕੇ ਸਹਿਮਤੀ ਨਾਲ ਸਮਝੌਤਾ ਕਰਨਾ ਚਾਹੁੰਦੇ ਹਨ ਜਾਂ ਮਾਮਲੇ ’ਤੇ ਮੈਰਿਟ ਦੇ ਆਧਾਰ ’ਤੇ ਸ਼ਬਦੀ ਬਹਿਸ ਕਰ ਸਕਦੇ ਹਨ। ਇਸ ’ਤੇ ਰਾਜਪਾਲ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਉਹ ਇਸ ਬਾਰੇ ਨਿਰਦੇਸ਼ ਲੈ ਕੇ ਅਦਾਲਤ ਨੂੰ ਜਾਣੂ ਕਰਵਾਉਣਗੇ।
ਦੂਜੇ ਪਾਸੇ, ਸ਼ਿਕਾਇਤਕਰਤਾ ਵੱਲੋਂ ਕਿਹਾ ਗਿਆ ਕਿ ਸਜ਼ਾ ’ਤੇ ਲੱਗੀ ਰੋਕ ਹਟਾਉਣ ਦੀ ਅਰਜ਼ੀ ਹਾਲੇ ਪੈਂਡਿੰਗ ਹੈ। ਇਸ ਦੇ ਜਵਾਬ ਵਿਚ ਬੈਂਚ ਨੇ ਕਿਹਾ ਕਿ ਭੁਗਤਾਨ ਸਬੰਧੀ ਇਕ ਹਫ਼ਤੇ ਅੰਦਰ ਫੈਸਲਾ ਲਿਆ ਜਾਵੇਗਾ। ਅਦਾਲਤ ਨੇ ਸੁਣਵਾਈ ਪਹਿਲੀ ਅਪ੍ਰੈਲ ਤੱਕ ਲਈ ਮੁਲਤਵੀ ਕਰਦੇ ਹੋਏ ਕਿਹਾ ਕਿ ਸਜ਼ਾ ’ਤੇ ਰੋਕ ਲਗਾਉਣ ਦਾ ਅੰਤ੍ਰਿਮ ਹੁਕਮ ਅਗਲੀ ਸੁਣਵਾਈ ਦੀ ਤਰੀਕ ਤੱਕ ਜਾਰੀ ਰਹੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਵਾਰ-ਵਾਰ ਬਿਆਨ ਦੇਣ ਦੇ ਬਾਵਜੂਦ ਪੈਸੇ ਦਾ ਭੁਗਤਾਨ ਨਾ ਕਰਨ ’ਤੇ ਰਾਜਪਾਲ ਯਾਦਵ ਨੂੰ ਜੇਲ੍ਹ ਭੇਜ ਦਿੱਤਾ ਸੀ। ਹਾਲਾਂਕਿ ਸ਼ਿਕਾਇਤਕਰਤਾ ਕੰਪਨੀ ਮੁਰਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਦੇ ਬੈਂਕ ਖਾਤੇ ਵਿਚ 1.5 ਕਰੋੜ ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ ਹਾਈ ਕੋਰਟ ਨੇ 16 ਫਰਵਰੀ ਨੂੰ ਰਾਜਪਾਲ ਦੀ ਸਜ਼ਾ 18 ਮਾਰਚ ਤੱਕ ਰੱਦ ਕਰ ਦਿੱਤੀ ਸੀ।
ਸੰਖੇਪ:
