ਅੰਮ੍ਰਿਤਸਰ, 18 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਨ. ਸਕੱਤਰ ਬਲਵਿੰਦਰ ਸਿੰਘ ਭੂੰਦੜ ਨਤਮਸਤਕ ਹੋਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਤੇ ਪਾਰਟੀ ਦੀ ਰਣਨੀਤੀ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਭੂੰਦੜ ਨੇ ਆਪਣੇ ਲੰਬੇ ਸਿਆਸੀ ਸਫਰ ਦਾ ਹਵਾਲਾ ਦਿੰਦਿਆ ਕਿਹਾ ਕਿ ਉਹ 1972 ਤੋਂ ਚੋਣਾਂ ਲੜ ਰਹੇ ਹਨ। ਉਨ੍ਹਾਂ ਅਨੁਸਾਰ ਅੱਜ ਪੰਜਾਬ ’ਚ ਹਾਲਾਤ ਬਿਲਕੁਲ 1977 ਦੀ ਐਮਰਜੈਂਸੀ ਤੋਂ ਬਾਅਦ ਦੇ ਸਮੇਂ ਵਰਗੇ ਬਣ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ’ਚ ਮੌਜੂਦਾ ਸਰਕਾਰ ਪ੍ਰਤੀ ਭਾਰੀ ਰੋਸ ਹੈ ਤੇ ਜਨਤਾ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ’ਚ ਵਾਪਸ ਲਿਆਉਂਣ ਲਈ ਉਤਾਵਲੀ ਹੈ।
ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਸਿੱਧੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਪਰ ਇਹ ਜ਼ਰੂਰ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਲਈ ਵੱਡੇ ਯਤਨ ਕੀਤੇ ਜਾਣਗੇ। ਉਨ੍ਹਾਂ ਪਾਰਟੀ ਦੀ ਅਗਵਾਈ ’ਚ ਪੂਰਨ ਭਰੋਸਾ ਪ੍ਰਗਟਾਇਆ। ਗੈਂਗਸਟਰਾਂ ਨੂੰ ਪਾਰਟੀ ਟਿਕਟਾਂ ਦੇਣ ਦੇ ਦੋਸ਼ਾਂ ’ਤੇ ਸਖਤ ਪ੍ਰਤੀਕਿਰਿਆ ਦਿੰਦਿਆ ਭੂੰਦੜ ਨੇ ਕਿਹਾ ਕਿ ਜਿਹੜੀ ਪਾਰਟੀ ਖੁਦ ਗੋਲੀਆਂ ਦਾ ਸਾਹਮਣਾ ਕਰ ਚੁੱਕੀ ਹੋਵੇ, ਉਹ ਕਦੇ ਵੀ ਅਪਰਾਧਿਕ ਅਨਸਰਾਂ ਦਾ ਸਮਰਥਨ ਨਹੀਂ ਕਰ ਸਕਦੀ। ਵਿਰੋਧੀ ਧਿਰ ਅਜਿਹੇ ਇਲਜ਼ਾਮ ਸਿਰਫ ਸਿਆਸੀ ਲਾਭ ਲਈ ਲਾ ਰਹੀ ਹੈ। ਭਾਜਪਾ ਨਾਲ ਗੱਠਜੋੜ ਦੇ ਸਵਾਲ ਨੂੰ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਖਾਰਜ ਕਰਦਿਆ ਕਿਹਾ ਕਿ ਮੌਜੂਦਾ ਹਾਲਾਤ ’ਚ ਭਾਜਪਾ ਨਾਲ ਗੱਠਜੋੜ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਭਾਜਪਾ ਵੀ ਕਾਂਗਰਸ ਦੀ ਰਾਹ ’ਤੇ ਚੱਲ ਕੇ ਪੰਜਾਬ ਦਾ ਨੁਕਸਾਨ ਕਰ ਰਹੀ ਹੈ। ਪਾਰਟੀ ਦੇ ਅੰਦਰੂਨੀ ਕਲੇਸ਼ ਬਾਰੇ ਬੋਲਦਿਆ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪਾਰਟੀ ’ਚੋਂ ਕੱਢਿਆ ਨਹੀਂ ਗਿਆ ਤੇ ਪੁਰਾਣੇ ਆਗੂਆਂ ਲਈ ਵਾਪਸੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।
