ਨਵੀਂ ਦਿੱਲੀ, 13 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਦੇਸ਼ ਵਿਚ ਐੱਲਪੀਜੀ ਸਪਲਾਈ ਨੂੰ ਲੈ ਕੇ ਵਧਦੇ ਖ਼ਦਸ਼ਿਆਂ ਦਰਮਿਆਨ ਵੀਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਵੀ ਵਿਰੋਧੀ ਧਿਰ ਦੇ ਤਿੱਖੇ ਵਿਰੋਧ ਦੀ ਭੇਟ ਚੜ੍ਹ ਗਈ। ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਪਾਰਟੀਆਂ ਨੇ ਗੈਸ ਕਿੱਲਤ, ਮਹਿੰਗਾਈ ਤੇ ਪੱਛਮੀ ਏਸ਼ੀਆ ਸੰਕਟ ਦੇ ਅਸਰ ’ਤੇ ਤਤਕਾਲ ਚਰਚਾ ਦੀ ਮੰਗ ਕੀਤੀ। ਵੈੱਲ ਵਿਚ ਆ ਕੇ ਹੰਗਾਮੇ ਤੇ ਨਾਅਰੇਬਾਜ਼ੀ ਕਾਰਨ ਕਾਰਵਾਈ ਲਗਾਤਾਰ ਰੁਕਦੀ ਰਹੀ ਤੇ ਸਪੀਕਰ ਨੂੰ ਦਖਲ ਦੇਣਾ ਪਿਆ। ਇਸੇ ਪੜਾਅ ਵਿਚ ਸਦਨ ਨੂੰ ਮੁਲਤਵੀ ਕਰਨਾ ਪਿਆ।

ਦੁਪਹਿਰ ਬਾਅਦ ਜਦੋਂ ਕਾਰਵਾਈ ਤੀਜੀ ਵਾਰੀ ਸ਼ੁਰੂ ਹੋਈ ਤਾਂ ਤ੍ਰਿਣਮੂਲ ਕਾਂਗਰਸ ਦੀਆਂ ਔਰਤ ਸੰਸਦ ਮੈਂਬਰਾਂ ਨੇ ਐੱਲਪੀਜੀ ਸੰਕਟ ’ਤੇ ਧਿਆਨ ਖਿੱਚਣ ਲਈ ਅਨੋਖਾ ਵਿਰੋਧ ਦਰਜ ਕਰਾਇਆ। ਪ੍ਰਤਿਭਾ ਮੰਡਲ, ਸਯਾਨੀ ਘੋਸ਼, ਮਹੂਆ ਮੋਇਤਰਾ ਤੇ ਮਾਲਾ ਰਾਏ ਸਮੇਤ ਕਈ ਐੱਮਪੀਜ਼ ਥਾਲੀਆਂ, ਫ੍ਰਾਇੰਗ ਪੈਨ ਤੇ ਚਮਚੇ ਲੈ ਕੇ ਸਦਨ ਵਿਚ ਪੁੱਜੀਆਂ ਤੇ ਉਨ੍ਹਾਂ ਨੂੰ ਵਜਾ ਕੇ ਵਿਰੋਧ ਪ੍ਰਗਟਾਇਆ। ਚੇਅਰ ’ਤੇ ਮੌਜੂਦ ਸੰਧਿਆ ਰਾਏ ਨੇ ਇਸ ਤਰੀਕੇ ਨੂੰ ਗ਼ਲਤਕਾਰੀ ਦੱਸਦੇ ਹੋਏ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਪਰਤਣ ਦੀ ਅਪੀਲ ਕੀਤੀ। ਵਿਰੋਧੀ ਧਿਰ ਦਾ ਦੋਸ਼ ਸੀ ਕਿ ਪੱਛਮੀ ਏਸ਼ੀਆ ’ਚ ਵਧਦੇ ਤਣਾਅ ਤੇ ਊਰਜਾ ਸਪਲਾਈ ’ਤੇ ਪੈ ਰਹੇ ਅਸਰ ਨੂੰ ਲੈ ਕੇ ਸਰਕਾਰ ਨੇ ਸਮਾਂ ਰਹਿੰਦੇ ਤਿਆਰੀ ਨਹੀਂ ਕੀਤੀ।

ਇਸ ਤੋਂ ਪਹਿਲਾਂ ਐੱਲਪੀਜੀ ਸੰਕਟ ’ਤੇ ਸਦਨ ’ਚ ਖ਼ਾਸ ਚਰਚਾ ਦਾ ਨੋਟਿਸ ਦੇਣ ਵਾਲੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੁਲਕ ਦੀ ਊਰਜਾ ਸੁਰੱਖਿਆ ਨੂੰ ਖਤਰੇ ’ਚ ਦੱਸਿਆ ਤੇ ਇਸਦੇ ਲਈ ਸਰਕਾਰ ਦੀ ਵਿਦੇਸ਼ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹੁਣੇ ਤੋਂ ਤਿਆਰੀ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ’ਚ ਕਰੋੜਾਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੱਛਮੀ ਏਸ਼ੀਆ ’ਚ ਬਦਲਦੇ ਕੌਮਾਂਤਰੀ ਸਮੀਕਰਨਾਂ ਵਿਚਾਲੇ ਭਾਰਤ ਨੂੰ ਆਪਣੀ ਊਰਜਾ ਰਣਨੀਤੀ ’ਤੇ ਗੰਭੀਰਤਾ ਨਾਲ ਮੁੜ ਵਿਚਾਰ ਕਰਨਾ ਪਵੇਗਾ।

ਸਦਨ ਵਿਚ ਰਾਹੁਲ ਨੇ ਈਰਾਨ ਜੰਗ ਤੇ ਹੋਰਮੁਜ਼ ਜਲਡਮਰੂਮੱਧ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗੈਸ ਤੇ ਈਂਧਨ ਦੀ ਸਪਲਾਈ ’ਤੇ ਦਬਾਅ ਵੱਧ ਰਿਹਾ ਹੈ, ਜਿਸਦਾ ਸਭ ਤੋਂ ਜ਼ਿਆਦਾ ਅਸਰ ਛੋਟੇ ਵਪਾਰੀਆਂ ਤੇ ਸਟਰੀਟ ਵੈਂਡਰਾਂ ’ਤੇ ਪੈ ਰਿਹਾ ਹੈ। ਇਸੇ ਦੌਰਾਨ ਉਨ੍ਹਾਂ ਨੇ ਪੈਟਰੋਲੀਅਮ ਮੰਤਰੀ ਨੂੰ ਲੈ ਕੇ ਇਕ ਟਿੱਪਣੀ ’ਚ ਜੈਫਰੀ ਐਪਸਟੀਨ ਦਾ ਜ਼ਿਕਰ ਕੀਤਾ, ਜਿਸ ’ਤੇ ਸੱਤਾ ਧਿਰ ਨੇ ਤਿੱਖਾ ਇਤਰਾਜ਼ ਕੀਤਾ ਤੇ ਸਦਨ ’ਚ ਰੌਲਾ ਰੱਪਾ ਵੱਧ ਗਿਆ। ਸਪੀਕਰ ਨੇ ਰਾਹੁਲ ਨੂੰ ਟੋਕਦੇ ਹੋਏ ਕਿਹਾ ਕਿ ਜਿਸ ਵਿਸ਼ੇ ’ਤੇ ਨੋਟਿਸ ਦਿੱਤਾ ਗਿਆ ਹੈ, ਉਸੇ ’ਤੇ ਨਿਯਮਾਂ ਤਹਿਤ ਬੋਲੋ ਤੇ ਗੈਰ-ਸਬੰਧਤ ਟਿੱਪਣੀ ਤੋਂ ਬਚੋ। ਸਪੀਕਰ ਦੀ ਇਸ ਗੱਲ ’ਤੇ ਸਦਨ ’ਚ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸੀ ਮੈਂਬਰ ਵੈੱਲ ’ਚ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਸਰਕਾਰ ’ਤੇ ਦੋਸ਼ ਲਗਾਇਆ ਕਿ ਪੱਛਮੀ ਏਸ਼ੀਆ ਦੇ ਹਾਲਾਤ ਦੇ ਬਾਵਜੂਦ ਊਰਜਾ ਸਪਲਾਈ ਸੁਰੱਖਿਅਤ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਗਏ।

ਸੰਖੇਪ:-

ਦੇਸ਼ ਵਿੱਚ ਵਧ ਰਹੇ LPG ਸੰਕਟ ਨੂੰ ਲੈ ਕੇ ਲੋਕ ਸਭਾ ਵਿੱਚ ਤਿੱਖਾ ਹੰਗਾਮਾ ਹੋਇਆ, ਜਿੱਥੇ ਵਿਰੋਧੀ ਧਿਰ ਨੇ ਸਰਕਾਰ ਦੀ ਊਰਜਾ ਨੀਤੀ ‘ਤੇ ਸਵਾਲ ਚੁੱਕੇ ਅਤੇ ਰਾਹੁਲ ਗਾਂਧੀ ਦੇ ‘ਐਪਸਟੀਨ’ ਜ਼ਿਕਰ ‘ਤੇ ਸਦਨ ਵਿੱਚ ਤਕਰਾਰ ਵੱਧ ਗਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।