ਨਵੀਂ ਦਿੱਲੀ, 09 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਬੰਗਾਲ ਦੌਰੇ ਦੌਰਾਨ ਪ੍ਰੋਟੋਕਾਲ ਦੀ ਉਲੰਘਣਾ ਦੇ ਮਾਮਲੇ ’ਚ ਕੇਂਦਰ ਦਾ ਰੁਖ਼ ਸਖ਼ਤ ਹੈ। ਕੇਂਦਰੀ ਗ੍ਰਿਹ ਮੰਤਰਾਲੇ ਨੇ ਬੰਗਾਲ ਸਰਕਾਰ ਤੋਂ ਇਸ ’ਤੇ ਰਿਪੋਰਟ ਤਲਬ ਕੀਤੀ ਹੈ। ਕੇਂਦਰੀ ਗ੍ਰਿਹ ਸਕੱਤਰ ਗੋਵਿੰਦ ਮੋਹਨ ਨੇ ਬੰਗਾਲ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਰਾਸ਼ਟਰਪਤੀ ਲਈ ਤਿਆਰ ਕੀਤੇ ਗਏ ਬਾਥਰੂਮ ’ਚ ਪਾਣੀ ਨਾ ਹੋਣ ਤੇ ਏਅਰਪੋਰਟ ਤੋਂ ਪ੍ਰੋਗਰਾਮ ਵਾਲੀ ਥਾਂ ਤੱਕ ਜਾਣ ਦੇ ਰਾਹ ’ਚ ਕੂੜਾ ਪਿਆ ਹੋਣ ’ਤੇ ਜਵਾਬ ਤਲਬ ਕੀਤਾ ਹੈ। ਗੋਵਿੰਦ ਮੋਹਨ ਮੁਤਾਬਕ, ਯਾਤਰਾ ਦੌਰਾਨ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਪ੍ਰੋਟੋਕਾਲ ਲਈ ਤਿਆਰ ‘ਬਲੂ ਬੁਕ’ ਦੇ ਨਿਯਮਾਂ ਦੀ ਕਈ ਪੱਧਰਾਂ ’ਤੇ ਉਲੰਘਣਾ ਕੀਤੀ ਗਈ।

ਸੂਤਰਾਂ ਮੁਤਾਬਕ, ਕੇਂਦਰੀ ਗ੍ਰਿਹ ਸਕੱਤਰ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਪ੍ਰੋਟੋਕਾਲ ਮੁਤਾਬਕ ਰਾਸ਼ਟਰਪਤੀ ਦੇ ਦੌਰੇ ਦੌਰਾਨ ਮੁੱਖ ਮੰਤਰੀ, ਮੁੱਖ ਸਕੱਤਰ ਤੇ ਡੀਜੀਪੀ ਮੌਜੂਦ ਕਿਉਂ ਨਹੀਂ ਸਨ। ਉਨ੍ਹਾਂ ਨੇ ਰਾਸ਼ਟਰਪਤੀ ਦੇ ਸਵਾਗਤ ਲਈ ਸਿਰਫ਼ ਸਿਲੀਗੁੜੀ ਦੇ ਮੇਅਰ ਗੌਤਮ ਦੇਬ ਦੀ ਏਅਰਪੋਰਟ ’ਤੇ ਮੌਜੂਦਗੀ ’ਤੇ ਵੀ ਸਵਾਲ ਚੁੱਕਿਆ ਹੈ। ਕੇਂਦਰੀ ਗ੍ਰਿਹ ਸਕੱਤਰ ਮੁਤਾਬਕ ਰਾਸ਼ਟਰਪਤੀ ਦੀ ਯਾਤਰਾ ਦੇ ਪ੍ਰਬੰਧ ਦੀ ਪੂਰੀ ਜ਼ਿੰਮੇਵਾਰੀ ਦਾਰਜੀਲਿੰਗ ਦੇ ਜ਼ਿਲ੍ਹਾ ਮੈਜਿਸਟ੍ਰੇਟ, ਸਿਲੀਗੁੜੀ ਦੇ ਪੁਲਿਸ ਕਮਿਸ਼ਨਰ ਤੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੀ ਸੀ। ਜਿਸ ਨੂੰ ਪੂਰਾ ਕਰਨ ’ਚ ਉਹ ਪੂਰੀ ਤਰ੍ਹਾਂ ਨਾਕਾਮ ਰਹੇ। ਕੇਂਦਰੀ ਗ੍ਰਿਹ ਸਕੱਤਰ ਨੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦੇਣ ਲਈ ਵੀ ਕਿਹਾ ਹੈ। ਦਰਅਸਲ, ਰਾਸ਼ਟਰਪਤੀ ਮੁਰਮੂ ਨੂੰ ਸਿਲੀਗੁੜੀ ਦੇ ਬਿਧਾਨਨਗਰ ’ਚ ਕਰਵਾਏ ਆਦਿਵਾਸੀ ਸਮਾਜ ਦੇ ਇਕ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਸੀ। ਪਰ ਸਥਾਨਕ ਪ੍ਰਸ਼ਾਸਨ ਨੇ ਸੁਰੱਖਿਆ ਤੇ ਥਾਂ ਦੀ ਕਮੀ ਵਰਗੇ ਕਾਰਨ ਗਿਣਾਉਂਦੇ ਹੋਏ ਇਸ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੀ ਥਾਂ ’ਤੇ ਬਾਗਡੋਗਰਾ ਏਅਰਪੋਰਟ ਦੇ ਨਜ਼ਦੀਕ ਗੋਸਾਈਪੁਰ ਨੂੰ ਚੁਣਿਆ ਗਿਆ। ਪਰ ਸਭਾ ਵਾਲੀ ਥਾਂ ਦੇ ਕੋਲ ਰਾਸ਼ਟਰਪਤੀ ਲਈ ਬਣਾਏ ਗਏ ਬਾਥਰੂਮ ’ਚ ਪਾਣੀ ਦੀ ਵਿਵਸਥਾ ਨਹੀਂ ਕੀਤੀ ਗਈ। ਇਹੀ ਨਹੀਂ, ਸਥਾਨਕ ਪ੍ਰਸ਼ਾਸਨ ਨੇ ਰਾਸ਼ਟਰਪਤੀ ਨੂੰ ਲਿਜਾਣ ਲਈ ਜਿਸ ਰਾਹ ਨੂੰ ਚੁਣਿਆ, ਉਸ ’ਤੇ ਥਾਂ-ਥਾਂ ਕੂੜਾ ਪਿਆ ਹੋਇਆ ਸੀ।

ਗ੍ਰਿਹ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ਰਾਸ਼ਟਰਪਤੀ ਦੌਰੇ ’ਚ ਪ੍ਰੋਟੋਕਾਲ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਨਾਲ ਜੁੜੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਟੋਕਾਲ ’ਚ ਸਭ ਕੁਝ ਸਾਫ਼-ਸਾਫ਼ ਲਿਖਿਆ ਹੈ ਤੇ ਮੁੱਖ ਸਕੱਤਰ, ਡੀਜੀਪੀ ਤੋਂ ਲੈ ਕੇ ਸਥਾਨਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੈ। ਕੋਈ ਇਸ ਤੋਂ ਬਚ ਨਹੀਂ ਸਕਦਾ। ਉਨ੍ਹਾਂ ਮੁਤਾਬਕ ਸੂਬੇ ਦਾ ਜਵਾਬ ਮਿਲਣ ਤੋਂ ਬਾਅਦ ਕਾਰਵਾਈ ਦੀ ਦਿਸ਼ਾ ਤੇ ਦਸ਼ਾ ਤੈਅ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ‘ਬਲੂ ਬੁਕ’ ਇਕ ਗੁਪਤ ਦਸਤਾਵੇਜ਼ ਹੈ ਜਿਸ ’ਚ ਰਾਸ਼ਟਰਪਤੀ, ਉੁਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੁਰੱਖਿਆ ਤੇ ਪ੍ਰੋਟੋਕਾਲ ਦੇ ਨਿਯਮ ਸੂਚੀਬੱਧ ਕੀਤੇ ਗਏ ਹਨ।

ਸੰਖੇਪ:-
ਰਾਸ਼ਟਰਪਤੀ ਦੇ ਪ੍ਰੋਟੋਕਾਲ ਦੀ ਉਲੰਘਣਾ ਦੇ ਮਾਮਲੇ ’ਚ ਕੇਂਦਰ ਸਰਕਾਰ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।