ਨਵੀਂ ਦਿੱਲੀ, 24 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕੀ ਬਾਜ਼ਾਰ ਵਿਚ ਭਾਰਤ ਤੋਂ ਬਰਾਮਦ ਚੀਜ਼ਾਂ ’ਤੇ 24 ਫਰਵਰੀ ਤੋਂ 150 ਦਿਨਾਂ ਲਈ 10 ਫ਼ੀਸਦ ਵਾਧੂ ਟੈਰਿਫ ਲਾਗੂ ਹੋਵੇਗਾ। ਅਮਰੀਕੀ ਸੁਪਰੀਮ ਕੋਰਟ ਦੀ ਤਰਫੋਂ ਟਰੰਪ ਸਰਕਾਰ ਵੱਲੋਂ ਲਗਾਏ ਗਏ ਵਿਆਪਕ ਟੈਰਿਫ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤੇ ਜਾਣ ਮਗਰੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਬੰਧ ਵਿਚ ਨਵੇਂ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕੀਤੇ ਹਨ। ਹਾਲਾਂਕਿ ਟਰੰਪ ਵੱਲੋਂ 15 ਫ਼ੀਸਦ ਟੈਰਿਫ ਦੇ ਐਲਾਨ ਮਗਰੋਂ ਵਪਾਰੀ ਤਬਕੇ ਵਿਚ ਹਾਲੇ ਵੀ ਦੁਚਿੱਤੀ ਜਿਹੀ ਬਣੀ ਹੈ ਕਿਉਂਜੋ ਇਸ ਸਬੰਧ ਵਿਚ ਹਾਲੇ ਤੱਕ ਕੋਈ ਰਸਮੀ ਹੁਕਮ ਜਾਰੀ ਨਹੀਂ ਹੋਇਆ।
ਟਰੰਪ ਨੇ 21 ਫਰਵਰੀ ਨੂੰ ਸਾਰੇ ਮੁਲਕਾਂ, ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ, ਉੱਤੇ 24 ਫਰਵਰੀ ਤੋਂ 150 ਦਿਨਾਂ ਲਈ 10 ਫ਼ੀਸਦ ਟੈਰਿਫ ਲਾਉਣ ਦਾ ਹੁਕਮ ਕੀਤਾ ਸੀ। ਹੁਕਮ ਜਾਰੀ ਹੋਣ ਤੋਂ ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਇਸ ਨੂੰ ਵਧਾ ਕੇ 15 ਫ਼ੀਸਦ ਕਰਨ ਦਾ ਐਲਾਨ ਕੀਤਾ ਪਰ ਇਸ ਦੀ ਨੋਟੀਫਿਕੇਸ਼ਨ ਹੁਣ ਤੱਕ ਸਾਹਮਣੇ ਨਹੀਂ ਆਈ ਹੈ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (ਐੱਫਆਈਈਓ) ਦੇ ਡਾਇਰੈਕਟਰ ਜਨਰਲ ਅਜੇ ਸਹਾਏ ਨੇ ਕਿਹਾ ਕਿ ਮੌਜੂਦਾ ਹੁਕਮ ਮੁਤਾਬਕ 24 ਫਰਵਰੀ ਤੋਂ ਭਾਰਤੀ ਵਸਤੂਆਂ ’ਤੇ 10 ਫ਼ੀਸਦ ਵਾਧੂ ਟੈਕਸ ਲੱਗੇਗਾ। ਹਾਲਾਂਕਿ 15 ਫ਼ੀਸਦ ਟੈਰਿਫ ਉੱਤੇ ਕੋਈ ਨਵਾਂ ਹੁਕਮ ਨਹੀਂ ਹੈ, ਜਿਸ ਨਾਲ ਕਾਰੋਬਾਰੀ ਭਾਈਚਾਰੇ ਵਿਚ ਦੁਚਿੱਤੀ ਬਣੀ ਹੋਈ ਹੈ। ਇਹ 10 ਫ਼ੀਸਦ ਟੈਕਸ ਅਮਰੀਕਾ ਵਿਚ ਲਾਗੂ ਮੌਜੂਦਾ ‘ਮੋਸਟ ਫੇਵਰਡ ਨੇਸ਼ਨ’ (ਐੱਮਐੱਫਐੱਨ) ਟੈਕਸ ਤੋਂ ਵਧੇਰੇ ਹੋਵੇਗਾ। ਮਿਸਾਲ ਵਜੋਂ ਜੇ ਕਿਸੇ ਉਤਪਾਦ ’ਤੇ ਪੰਜ ਫ਼ੀਸਦ ਐੱਮਐੱਫਐੱਨ ਟੈਕਸ ਹੈ ਤਾਂ ਉਸ ਉੱਤੇ 10 ਫ਼ੀਸਦ ਵਾਧੂ ਟੈਕਸ ਜੋੜ ਕੇ ਲਾਗੂ ਟੈਕਸ ਦਰ 15 ਫ਼ੀਸਦ ਹੋ ਜਾਵੇਗੀ। ਪਹਿਲਾਂ ਇਹੀ ਗਣਿਤ ਪੰਜ ਫ਼ੀਸਦ ਦੇ ਨਾਲ 18 ਫ਼ੀਸਦ ਜੋੜਿਆ ਜਾ ਰਿਹਾ ਸੀ।
