ਕਪੂਰਥਲਾ, 27 ਫਰਵਰੀ (ਪੰਜਾਬੀ ਖ਼ਬਰਨਾਮਾ): ਚੋਣ ਕਮਿਸ਼ਨ ਵਲੋਂ ਜਾਗਰੂਕਤਾ ਵੈਨਾਂ ਰਾਹੀਂ ਵੋਟਿੰਗ ਮਸ਼ੀਨਾਂ ਦੀ ਵਰਤੋਂ ਬਾਰੇ ਜ਼ਿਲ੍ਹੇ ਵਿਚ ਸਮੂਹ ਪੋਲਿੰਗ ਲੋਕੇਸ਼ਨਾਂ ’ਤੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਜਿਸ ਤਹਿਤ ਜ਼ਿਲ੍ਹੇ ਦੇ ਹਰ ਵਿਧਾਨ ਸਭਾ ਹਲਕੇ ਵਿਚ 5 ਮਾਰਚ ਤੱਕ ਰੋਜ਼ਾਨਾ 2-2 ਜਾਗਰੂਕਤਾ ਵੈਨਾਂ ਲੋਕਾਂ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ,ਵੀ.ਵੀ.ਪੈਟ-ਕਮ-ਸਵੀਪ ਸਰਗਰਮੀਆਂ ਸਬੰਧੀ ਜਾਣਕਾਰੀ ਦੇਣਗੀਆਂ।
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਕਪੂਰਥਲਾ, ਭੁਲੱਥ, ਸੁਲਤਾਨਪੁਰ ਲੋਧੀ ਅਤੇ ਫਗਵਾੜਾ ਦੀਆਂ ਕੁੱਲ 534 ਪੋਲਿੰਗ ਲੋਕੇਸ਼ਨਾਂ ’ਤੇ ਇਹ ਵੈਨਾਂ ਵੋਟਿੰਗ ਮਸ਼ੀਨਾਂ ਲਾ ਕੇ ਲੋਕਾਂ ਨੂੰ ਜਾਣੂ ਕਰਵਾਉਂਣਗੀਆਂ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਹਲਕਿਆਂ ਵਿਚ ਲੋਕਾਂ ਦੀ ਸਹੂਲਤ ਲਈ ਜਾਗਰੂਕਤਾ ਵੈਨਾਂ ਨਾਲ ਨੋਡਲ ਅਫਸਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੈਨਾਂ ਵਲੋਂ ਵਿਧਾਨ ਸਭਾ ਹਲਕਾ ਕਪੂਰਥਲਾ ਦੀਆਂ 124 ਪੋਲਿੰਗ ਲੋਕੇਸ਼ਨਾਂ, ਹਲਕਾ ਭੁਲੱਥ ਦੀਆਂ 125, ਹਲਕਾ ਸੁਲਤਾਨਪੁਰ ਲੋਧੀ ਦੀਆਂ 160 ਅਤੇ ਹਲਕਾ ਫਗਵਾੜਾ ਦੀਆਂ 125 ਲੋਕੇਸ਼ਨਾਂ ਨੂੰ ਕਵਰ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੀਆਂ ਪੋਲਿੰਗ ਲੋਕੇਸ਼ਨਾਂ ’ਤੇ ਇਨ੍ਹਾਂ ਵੈਨਾਂ ਰਾਹੀਂ ਅਹਿਮ ਜਾਣਕਾਰੀ ਜ਼ਰੂਰ ਹਾਸਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ’ਇਸ ਵਾਰ, 70 ਪਾਰ’ ਦਾ ਨਾਅਰਾ ਦਿੱਤਾ ਗਿਆ ਹੈ ਜਿਸ ਤਹਿਤ 70 ਫੀਸਦੀ ਤੋਂ ਵੱਧ ਪੋਲਿੰਗ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਸਮੂਹ ਸਬੰਧਿਤ ਅਧਿਕਾਰੀਆਂ ਅਤੇ ਸਵੀਪ ਕਮੇਟੀ ਦੇ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਚੋਣ ਕਮਿਸ਼ਨ ਵਲੋਂ ਦਿੱਤੇ ਟੀਚੇ ਅਨੁਸਾਰ ਪੂਰੀ ਸ਼ਿੱਦਤ ਨਾਲ ਚੋਣ ਸਰਗਰਮੀਆਂ ਨੂੰ ਅਮਲ ਵਿਚ ਲਿਆਂਉਂਦਿਆਂ ਇਸਦੀ ਪੂਰਤੀ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਨਾ ਛੱਡੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਹਲਕਿਆਂ ਵਿਚ ਲੰਘੀਆਂ ਚੋਣਾਂ ਦੌਰਾਨ ਵੋਟ ਫੀਸਦੀ ਘੱਟ ਰਹੀ ਉਨ੍ਹਾਂ ਹਲਕਿਆਂ ਵਿਚ ਵਿਸ਼ੇਸ਼ ਧਿਆਨ ਦੇ ਕੇ 70 ਪਾਰ ਦਾ ਟੀਚਾ ਸਰ ਕੀਤਾ ਜਾਵੇ।
ਫੋਟੋ ਕੈਪਸ਼ਨ- ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ।
2- ਸਹਾਇਕ ਕਮਿਸ਼ਨਰ ਡਾ. ਇਰਵਿਨ ਕੌਰ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਚੋਣ ਕਮਿਸ਼ਨ ਵਲੋਂ ਭੇਜੀ ਵੋਟਿੰਗ ਮਸ਼ੀਨਾਂ/ਵੀ.ਵੀ.ਪੈਟ.-ਕਮ- ਸਵੀਪ ਵੈਨ ਨੂੰ ਰਵਾਨਾ ਕਰਦੇ ਹੋਏ ।