ਕਪੂਰਥਲਾ, 27 ਫਰਵਰੀ (ਪੰਜਾਬੀ ਖ਼ਬਰਨਾਮਾ): ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਸੈਨਿਕ ਸਕੂਲ ਵਿਖੇ ਕਰਵਾਏ ਜਾ ਰਹੇ ਕਪੂਰਥਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਤਿੰਨ ਦਿਨਾਂ ਵਿਰਾਸਤੀ ਮੇਲੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਮਨਮੋਹਨ ਵਾਰਿਸ, ਅੰਮ੍ਰਿਤ ਮਾਨ, ਸੂਫੀ ਫਨਕਾਰਾਂ ਤੋਂ ਇਲਾਵਾ ਕਰਾਮਤ ਫਕੀਰ ਕੱਵਾਲ ਕੱਵਾਲੀਆਂ ਪੇਸ਼ ਕਰਨਗੇ।
ਕਪੂਰਥਲਾ ਹੈਰੀਟੇਜ ਫੈਸਟੀਵਲ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਲੋਕਾਂ ਨੂੰ 1 ਤੋਂ 3 ਮਾਰਚ ਤੱਕ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਵਿੱਚ ਸੂਬੇ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ਨੂੰ ਪੇਸ਼ ਕਰਦੀਆਂ ਵੱਖ-ਵੱਖ ਵਨੰਗੀਆਂ ਦਾ ਆਨੰਦ ਮਾਨਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਵਿਰਾਸਤੀ ਮੇਲੇ ਲਈ ਜ਼ਿਲ੍ਹ ਪ੍ਰਸ਼ਾਸਨ ਵਲੋੰ ਢੁਕਵੇਂ ਇੰਤਜਾਮ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਸਹਿਜੇ ਹੀ ਸੂਬੇ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣ ਸਕਣ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪਹਿਲੇ ਦਿਨ ਸੱਭਿਆਚਾਰਕ ਪੇਸ਼ਕਾਰੀਆਂ, ਗਾਇਕੀ ਦੇ ਰੰਗ : ਅਧਿਆਪਕਾਂ ਦੇ ਸੰਗ, ਲੋਕ ਨਾਚ (ਲੁੱਡੀ, ਗਿੱਧਾ, ਭੰਗੜਾ) ਆਦਿ ਪੇਸ਼ਕਾਰੀਆਂ ਤੋਂ ਇਲਾਵਾ ਪੰਜਾਬੀ ਗਾਇਕ ਅੰਮ੍ਰਿਤ ਮਾਨ ਵੱਲੋਂ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਜਾਵੇਗਾ। ਇਸੇ ਤਰ੍ਹਾਂ ਦੂਜੇ ਦਿਨ ਲੋਕ ਗੀਤ, ਲੋਕ ਸਾਜ਼ ਤੇ ਨਕਲਾਂ, ਵਿਰਾਸਤੀ ਪ੍ਰਸ਼ਨੋਤਰੀ, ਸੰਗੀਤਕ ਰੰਗ : ਬੱਚਿਆਂ ਦੇ ਸੰਗ, ਹਾਸੀਆਂ-ਖੇਡੀਆਂ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ ਗਾਇਕਾ ਮਨਜੀਤ ਸ਼ਾਇਰਾ ਵੱਲੋਂ ਪੇਸ਼ਕਾਰੀਆਂ ਤੋਂ ਇਲਾਵਾ ਕਰਾਮਤ ਫ਼ਕੀਰ ਕੱਵਾਲ ਵੱਲੋਂ ਕੱਵਾਲੀਆਂ ਪੇਸ਼ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਰਾਸਤੀ ਮੇਲੇ ਦੇ ਤੀਜੇ ਦਿਨ ਕਵੀਸ਼ਰੀ ਅਤੇ ਗੀਤ, ਗਜ਼ਲਾਂ, ਗਿੱਧਾ ਭੰਗੜਾ ਆਦਿ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਹੋਵੇਗੀ ਅਤੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਮੇਲੇ ਦੇ ਤਿੰਨੇ ਦਿਨ ਖੇਡਾਂ ਕਰਵਾਈਆਂ ਜਾਣਗੀਆਂ। ਮੇਲੇ ਦੇ ਪਹਿਲੇ ਦਿਨ ਕੁਸ਼ਤੀ, ਦੂਜੇ ਦਿਨ ਨੈਸ਼ਨਲ ਸਟਾਈਲ ਕਬੱਡੀ ਅਤੇ ਤੀਜੇ ਦਿਨ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਵਿਰਾਸਤੀ ਮੇਲੇ ਸਬੰਧੀ ਸਮੁੱਚੇ ਲੋੜੀਂਦੇ ਪ੍ਰਬੰਧ ਤਰਜੀਹ ਦੇ ਆਧਾਰ ’ਤੇ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਲੋਕਾਂ ਦੀ ਆਮਦ ਅਤੇ ਉਨ੍ਹਾਂ ਦੀ ਸਹੂਲਤ ਦੇ ਮੱਦੇਨਜ਼ਰ ਸੁਰੱਖਿਆ, ਢੁੱਕਵੀਂ ਪਾਰਕਿੰਗ, ਸੁਖਾਲੇ ਦਾਖ਼ਲੇ ਸਮੇਤ ਸਮੁੱਚੇ ਇੰਤਜ਼ਾਮ ਯਕੀਨੀ ਬਣਾਏ ਜਾਣ ਤਾਂ ਜੋ ਲੋਕ ਬਿਨਾਂ ਕਿਸੇ ਦਿੱਕਤ ਦੇ ਮੇਲੇ ਦਾ ਭਰਪੂਰ ਆਨੰਦ ਮਾਣ ਸਕਣ।
