ਚੰਡੀਗੜ੍ਹ, 10 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ) * ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਪ੍ਰਵਕਤਾ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਯਾਤਰਾ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਲਗਾਤਾਰ ਯਾਤਰਾਵਾਂ ਕੱਢ ਰਹੀ ਹੈ। ਪਰ ਸਾਡੀ ਸਰਕਾਰ ਦੀ ਕਾਮਯਾਬੀ ਤੋਂ ਬੌਖਲਾਹਟ ਵਿੱਚ ਆ ਕੇ ਰਾਜਪਾਲ ਸਾਹਿਬ ਨੇ ਜੋ ਆਪਣੀ ਵੱਖਰੀ ਯਾਤਰਾ ਸ਼ੁਰੂ ਕੀਤੀ ਹੈ, ਉਸਦਾ ਤਰੀਕਾ ਅਤੇ ਉਸ ਵਿੱਚ ਸ਼ਾਮਲ ਲੋਕ ਕਈ ਗੰਭੀਰ ਸਵਾਲ ਖੜੇ ਕਰਦੇ ਹਨ।
ਮੰਗਲਵਾਰ ਨੂੰ ਪਾਰਟੀ ਦਫ਼ਤਰ ਵਿੱਚ ਇੱਕ ਕਾਨਫ਼ਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਧਾਲੀਵਾਲ ਨੇ ਸਪਸ਼ਟ ਕੀਤਾ ਕਿ ਅਸੀਂ ਨਸ਼ੇ ਦੇ ਖ਼ਿਲਾਫ਼ ਕਿਸੇ ਵੀ ਮੁਹਿੰਮ ਦੇ ਵਿਰੋਧੀ ਨਹੀਂ ਹਾਂ ਅਤੇ ਚਾਹੁੰਦੇ ਹਾਂ ਕਿ ਹਰ ਵਿਅਕਤੀ ਇਸ ਲੜਾਈ ਦਾ ਹਿੱਸਾ ਬਣੇ, ਪਰ ਰਾਜਪਾਲ ਦਾ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਚਲਣਾ ਨਿੰਦਣਯੋਗ ਹੈ ਜੋ ਖੁਦ ਪੰਜਾਬ ਵਿੱਚ ਨਸ਼ਾ ਫੈਲਾਉਣ ਲਈ ਜ਼ਿੰਮੇਵਾਰ ਹਨ।
ਧਾਲੀਵਾਲ ਨੇ ਰਾਜਪਾਲ ਨੂੰ ਆੜੇ ਹੱਥ ਲੈਂਦਿਆਂ ਕਿਹਾ ਕਿ ਜਿਸ ਯਾਤਰਾ ਵਿੱਚ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਨੇਤਾ ਅਸ਼ਵਨੀ ਸ਼ਰਮਾ ਇਕੱਠੇ ਬੈਠੇ ਹੋਣ, ਉਹ ਯਾਤਰਾ ਨਸ਼ਾ ਖ਼ਤਮ ਕਰਨ ਲਈ ਨਹੀਂ ਸਗੋਂ ਅਪਰਾਧੀਆਂ ਨੂੰ ਬਚਾਉਣ ਦੀ ਕੋਸ਼ਿਸ਼ ਲੱਗਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਪਾਲ ਸਾਹਿਬ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਸੀ ਕਿ ਪੰਜ ਦਰਿਆਵਾਂ ਦੀ ਇਸ ਧਰਤੀ ‘ਤੇ ਨਸ਼ੇ ਦਾ ‘ਛੇਵਾਂ ਦਰਿਆ’ ਕੌਣ ਲੈ ਕੇ ਆਇਆ ਸੀ।
ਉਨ੍ਹਾਂ ਨੇ ਕਿਹਾ ਕਿ 2007 ਤੋਂ 2017 ਤੱਕ ਪੰਜਾਬ ਵਿੱਚ ਜਿਨ੍ਹਾਂ ਦੀ ਸਰਕਾਰ ਰਹੀ, ਉਨ੍ਹਾਂ ਦੇ ਰਾਜ ਵਿੱਚ ਹੀ ਨਸ਼ਾ ਫ਼ਲਾ-ਫ਼ੂਲਿਆ ਅਤੇ ਅੱਜ ਉਹੀ ਲੋਕ ਰਾਜਪਾਲ ਨਾਲ ਮੰਚ ਸਾਂਝਾ ਕਰ ਰਹੇ ਹਨ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਸੱਤਾ ਵਿੱਚ ਰਹਿੰਦਿਆਂ ਨਸ਼ਾ ਤਸਕਰਾਂ ਨੂੰ ਪਨਾਹ ਦਿੱਤੀ।
ਆਪ ਨੇਤਾ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਜਿਨ੍ਹਾਂ ਤਾਕਤਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ, ਉਹ ਕਿਸ ਮੂੰਹ ਨਾਲ ਨਸ਼ੇ ਦੇ ਖ਼ਿਲਾਫ਼ ਯਾਤਰਾ ਕੱਢ ਰਹੀਆਂ ਹਨ। ਰਾਜਪਾਲ ਸਾਹਿਬ ਅੱਜ ਉਹਨਾਂ ਹੀ ਤਾਕਤਾਂ ਨੂੰ ਹੋਸਲਾ ਦੇ ਰਹੇ ਹਨ ਜਿਨ੍ਹਾਂ ਨੇ ਪੰਜਾਬ ਦਾ ਭਵਿੱਖ ਅੰਧਕਾਰ ਵੱਲ ਧੱਕਿਆ।
ਧਾਲੀਵਾਲ ਨੇ ਕਿਹਾ ਕਿ ਜੇ ਰਾਜਪਾਲ ਵਾਕਈ ਗੰਭੀਰ ਹਨ, ਤਾਂ ਉਨ੍ਹਾਂ ਨੂੰ ਉਹਨਾਂ ਲੋਕਾਂ ਅਤੇ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਜ਼ਮੀਨ ‘ਤੇ ਨਸ਼ੇ ਦੇ ਖ਼ਿਲਾਫ਼ ਇਮਾਨਦਾਰੀ ਨਾਲ ਲੜਾਈ ਲੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਾ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਰਿਹਾ ਹੈ ਅਤੇ ਅਸੀਂ ਪਿਛਲੇ 4 ਸਾਲਾਂ ਤੋਂ ਇਸਦੇ ਖ਼ਿਲਾਫ਼ ਫ਼ੈਸਲਾਕੁਨ ਜੰਗ ਲੜ ਰਹੇ ਹਾਂ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਰਾਜਪਾਲ ਦੀ ਯਾਤਰਾ ਵਿੱਚ ਪੰਜਾਬ ਨੂੰ ਬਰਬਾਦ ਕਰਨ ਵਾਲੇ ਗੁਨਹਗਾਰਾਂ ਦਾ ਸ਼ਾਮਲ ਹੋਣਾ ਬਹੁਤ ਹੀ ਨਿਰਾਸ਼ਾਜਨਕ ਹੈ। ਪੰਜਾਬ ਦੀ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਉਹ ਜਾਣਦੀ ਹੈ ਕਿ ਕੌਣ ਨਸ਼ੇ ਦੇ ਖ਼ਿਲਾਫ਼ ਲੜ ਰਿਹਾ ਹੈ ਅਤੇ ਕੌਣ ਨਸ਼ਾ ਵੇਚਣ ਵਾਲਿਆਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਆਪਣੀ ਮੁਹਿੰਮ ਜਾਰੀ ਰੱਖੇਗੀ, ਪਰ ਨਸ਼ਾ ਤਸਕਰਾਂ ਦੇ ਸਿਆਸੀ ਆਕਾਵਾਂ ਨਾਲ ਮਿਲ ਕੇ ਕੱਢੀ ਜਾਣ ਵਾਲੀ ਅਜਿਹੀ ਕਿਸੇ ਵੀ ਯਾਤਰਾ ਦਾ ਪੰਜਾਬ ਦੇ ਲੋਕ ਸਮਰਥਨ ਨਹੀਂ ਕਰਨਗੇ।
