ਅੰਮ੍ਰਿਤਸਰ, 29 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪੁਲਿਸ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਰਾਜਾਸਾਂਸੀ ਦੇ ਓਠੀਆਂ ਇਲਾਕੇ ਵਿੱਚ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ। ਦੋ ਤਸਕਰ ਬਾਈਕ ‘ਤੇ ਸਵਾਰ ਹੋ ਕੇ ਇਸ ਖੇਪ ਨੂੰ ਅੱਧੀ ਰਾਤ ਨੂੰ ਟਿਕਾਣੇ ਲਗਾਉਣ ਜਾ ਰਹੇ ਸਨ।
ਨਸ਼ੇ ਦੀ ਇਹ ਖੇਪ 30 ਤੋਂ 35 ਕਿਲੋਗ੍ਰਾਮ ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਬਾਰੇ ਪਤਾ ਲੱਗਦਿਆਂ ਹੀ ਆਮ ਆਦਮੀ ਪਾਰਟੀ ਦੀ ਮਾਝਾ ਜ਼ੋਨ ਦੀ ਇੰਚਾਰਜ ਸੋਨੀਆ ਮਾਨ ਮੌਕੇ ‘ਤੇ ਪਹੁੰਚ ਗਏ। ਜਾਣਕਾਰੀ ਅਨੁਸਾਰ ਦੋ ਸਮਗਲਰ ਬਾਈਕ ‘ਤੇ ਸਵਾਰ ਹੋ ਕੇ ਕੱਚੇ ਰਸਤੇ ਰਾਹੀਂ ਨਿਕਲ ਰਹੇ ਸਨ।
ਜਿਵੇਂ ਹੀ ਉਹ ਪੱਕੀ ਸੜਕ ‘ਤੇ ਚੜ੍ਹਨ ਲੱਗੇ ਤਾਂ ਉੱਥੇ ਮੌਜੂਦ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ ਕਿ ਇੰਨੇ ਭਾਰੀ ਬੈਗਾਂ ਨਾਲ ਲੱਦੀ ਹੋਈ ਬਾਈਕ ਇਸ ਉਚਾਈ ‘ਤੇ ਨਹੀਂ ਚੜ੍ਹ ਸਕੇਗੀ। ਪੁਲਿਸ ਮੁਲਾਜ਼ਮ ਦੀ ਇਹ ਗੱਲ ਸੁਣ ਕੇ ਦੋਵੇਂ ਸਮਗਲਰ ਘਬਰਾ ਗਏ ਅਤੇ ਬਾਈਕ ਤੇ ਨਸ਼ੇ ਦੀ ਖੇਪ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਜਦੋਂ ਪੁਲਿਸ ਮੁਲਾਜ਼ਮਾਂ ਨੇ ਬੈਗ ਖੋਲ੍ਹ ਕੇ ਦੇਖੇ ਤਾਂ ਉਨ੍ਹਾਂ ਵਿੱਚੋਂ ਪਾਕਿਸਤਾਨ ਤੋਂ ਭੇਜੀ ਗਈ 30 ਤੋਂ 35 ਕਿਲੋ ਹੈਰੋਇਨ ਬਰਾਮਦ ਹੋਈ।
