27 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਦੀ ਨਾਭਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਮਜੀਠੀਆ ਦੇ ਸਾਥੀ ਹਰਪ੍ਰੀਤ ਗੁਲਾਟੀ ਖ਼ਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ।
ਜਾਣਕਾਰੀ ਮੁਤਾਬਕ ਵਿਜੀਲੈਂਸ ਦੇ ਅਧਿਕਾਰੀ ਇੱਕ ਵੱਡਾ ਟਰੰਕ ਲੈ ਕੇ ਅਦਾਲਤ ਪਹੁੰਚੇ, ਜਿਸ ਵਿੱਚ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਰੱਖੀਆਂ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਚਲਾਨ ਵਿੱਚ 11 ਹਜ਼ਾਰ ਤੋਂ ਵੱਧ ਸਫ਼ੇ ਸ਼ਾਮਲ ਹਨ।
ਵਿਜੀਲੈਂਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਸਪਲੀਮੈਂਟਰੀ ਚਲਾਨ ਵਿੱਚ ਬਿਕਰਮ ਮਜੀਠੀਆ ਅਤੇ ਹਰਪ੍ਰੀਤ ਗੁਲਾਟੀ ਦੇ ਆਪਸੀ ਲੈਣ-ਦੇਣ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਦਸਤਾਵੇਜ਼ਾਂ ਵਿੱਚ ਸਾਲ 2008 ਤੋਂ 2017 ਤੱਕ ਦੋਹਾਂ ਵਿਚਕਾਰ ਹੋਏ ਵਿੱਤੀ ਲੈਣ-ਦੇਣ ਅਤੇ ਬੈਂਕ ਖਾਤਿਆਂ ਰਾਹੀਂ ਹੋਈਆਂ ਟ੍ਰਾਂਜ਼ੈਕਸ਼ਨਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ।
ਵਿਜੀਲੈਂਸ ਦਾ ਦਾਅਵਾ ਹੈ ਕਿ ਜਾਂਚ ਦੌਰਾਨ 10 ਕਰੋੜ ਰੁਪਏ ਤੋਂ ਵੱਧ ਦੇ ਲੈਣ-ਦੇਣ ਸਾਹਮਣੇ ਆਏ ਹਨ, ਜਿਨ੍ਹਾਂ ਬਾਰੇ ਹਰਪ੍ਰੀਤ ਗੁਲਾਟੀ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕਿਆ ਕਿ ਇਹ ਰਕਮ ਕਿੱਥੇ ਵਰਤੀ ਗਈ। ਚਲਾਨ ਵਿੱਚ ਇਹ ਵੀ ਜ਼ਿਕਰ ਹੈ ਕਿ ਬਿਕਰਮ ਮਜੀਠੀਆ ਦਾ ਦਿੱਲੀ ਸਥਿਤ ਬੰਗਲਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਜੂਦ ਪ੍ਰਾਪਰਟੀ ਇਨ੍ਹਾਂ ਹੀ ਪੈਸਿਆਂ ਨਾਲ ਖਰੀਦੀ ਗਈ ਦੱਸੀ ਜਾ ਰਹੀ ਹੈ।
ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਚਲਾਨ ਦੀ ਜਾਂਚ ਕੀਤੀ ਜਾਵੇਗੀ, ਜਦਕਿ ਵਿਜੀਲੈਂਸ ਇਸ ਕੇਸ ਨਾਲ ਜੁੜੀਆਂ ਹੋਰ ਕੜੀਆਂ ਖੰਗਾਲ ਰਹੀ ਹੈ।
