ਪਟਿਆਲਾ, 29 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅੱਠ ਕਰੋੜ 10 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਸੇਵਾਮੁਕਤ ਆਈਜੀ ਅਮਰ ਸਿੰਘ ਚਾਹਲ ਨੂੰ ਠੱਗਣ ਵਾਲੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਦੀ ਮਨਜ਼ੂਰੀ ਡੀਆਈਜੀ ਤੋਂ ਮਿਲ ਗਈ ਹੈ। ਬਾਹਰੀ ਸੂਬੇ ਦੇ ਰਹਿਣ ਵਾਲੇ ਇਨ੍ਹਾਂ ਦੋ ਮੁਲਜ਼ਮਾਂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮ ਛਾਪਾ ਮਾਰਨ ਲਈ ਰਵਾਨਾ ਹੋ ਸਕਦੀ ਹੈ। ਜਾਣਕਾਰੀ ਮੁਤਾਬਕ, ਦੋਵਾਂ ਮੁਲਜ਼ਮਾਂ ਜ਼ਰੀਏ ਖਾਤਿਆਂ ਵਿਚੋਂ ਪੈਸੇ ਦਾ ਲੈਣ-ਦੇਣ ਹੋਇਆ ਹੈ। ਹਾਲਾਂਕਿ ਠੱਗੀ ਗਈ ਰਕਮ ਵਿਚੋਂ ਪਟਿਆਲਾ ਪੁਲਿਸ ਨੇ ਲਗਪਗ ਤਿੰਨ ਕਰੋੜ ਪੱਚੀ ਲੱਖ ਰੁਪਏ ਫ੍ਰੀਜ਼ ਕਰਵਾ ਦਿੱਤੇ ਹਨ। ਫ਼ਿਲਹਾਲ ਪੁਲਿਸ ਨੇ 10 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਵਾ ਦਿੱਤਾ ਹੈ ਜਦਕਿ ਹੋਰਨਾਂ ਬੈਂਕ ਖਾਤਿਆਂ ਦੀ ਪੁਲਿਸ ਜਾਂਚ ਕਰ ਰਹੀ ਹੈ।
ਰਿਟਾਇਰਡ ਆਈਜੀ ਚੋਣਵੇਂ ਲੋਕਾਂ ਨਾਲ ਕਰ ਰਹੇ ਹਨ ਮੁਲਾਕਾਤ
ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਸੇਵਾਮੁਕਤ ਆਈਜੀ ਅਮਰ ਸਿੰਘ ਚਾਹਲ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਪਰ ਸਾਵਧਾਨੀ ਵਜੋਂ ਉਹ ਚੋਣਵੇਂ ਲੋਕਾਂ ਨਾਲ ਹੀ ਮੁਲਾਕਾਤ ਕਰ ਰਹੇ ਹਨ। ਹਸਪਤਾਲ ਵਿਚ ਉਨ੍ਹਾਂ ਨੂੰ ਵਿਸ਼ੇਸ਼ ਕਮਰੇ ਵਿਚ ਅਲੱਗ ਰੱਖਿਆ ਗਿਆ ਹੈ। ਫ਼ਿਲਹਾਲ ਪੁਲਿਸ ਨੂੰ ਚਾਹਲ ਨੇ ਬਿਆਨ ਦਰਜ ਨਹੀਂ ਕਰਵਾਇਆ। ਜਾਣਕਾਰੀ ਮੁਤਾਬਕ, ਉਕਤ ਘਟਨਾ ਤੋਂ ਬਾਅਦ ਸੇਵਾਮੁਕਤ ਆਈਜੀ ਚਾਹਲ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨ ’ਤੇ ਸਾਈਬਰ ਕ੍ਰਾਈਮ ਥਾਣੇ ਨੇ ਮਾਮਲਾ ਦਰਜ ਕੀਤਾ ਸੀ। ਚਾਹਲ ਨੂੰ ਘਰ ਦੇ ਨੇੜੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਆਪ੍ਰੇਸ਼ਨ ਸਫਲ ਰਿਹਾ। ਡਾਕਟਰਾਂ ਦੀ ਟੀਮ ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਸੀ।
