ਫਤਹਿਗੜ੍ਹ ਸਾਹਿਬ, 16 ਦਸੰਬਰ: ਜਿ਼ਲ੍ਹਾ ਚੋਣਕਾਰ ਅਫ਼ਸਰ ਡਾ. ਸੋਨਾ ਥਿੰੰਦ ਨੇ ਚੋਣ ਅਬਜ਼ਰਵਰ ਜਗਜੀਤ ਸਿੰਘ ਦੀ ਮੌਜੂਦਗੀ ਵਿੱਚ ਸਮੂਹ ਰਿਟਰਨਿੰਗ ਅਫ਼ਸਰਾਂ ਨਾਲ 17 ਦਸੰਬਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਬਾਰੇ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਨੇ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ। ਜਿ਼ਲ੍ਹਾ ਚੋਣਕਾਰ ਅਫਸਰ ਨੇ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਿਥੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਉਥੇ ਨਾਲ ਹੀ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਅੰਦਰ ਕਿਸੇ ਵੀ ਤਰ੍ਹਾਂ ਦੇ ਵਾਹਨ ਨੂੰ ਲਿਜਾਉਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ।ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮਾਂ ਵਿੱਚ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਹਨ।ਉਨ੍ਹਾਂ ਦੱਸਿਆ ਕਿ ਬਲਾਕ ਸਰਹਿੰਦ ਲਈ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਫਤਹਿਗੜ੍ਹ ਸਾਹਿਬ, ਬਲਾਕ ਅਮਲੋਹ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਮਲੋਹ, ਬਲਾਕ ਬਸੀ ਪਠਾਣਾ ਲਈ ਆਈ.ਟੀ.ਆਈ ਬਸੀ ਪਠਾਣਾ, ਬਲਾਕ ਖਮਾਣੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਮਾਣੋਂ ਕਲਾਂ ਅਤੇ ਬਲਾਕ ਖੇੜਾ ਲਈ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ, ਯੂਨੀਵਰਸਿਟੀ ਰੋਡ, ਫਤਹਿਗੜ੍ਹ ਸਾਹਿਬ ਵਿਖੇ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ।
ਸਮੂਹ ਰਿਟਰਨਿੰਗ ਅਧਿਕਾਰੀਆਂ ਨੇ ਦੱਸਿਆ ਕਿ ਗਿਣਤੀ ਲਈ ਤਾਇਨਾਤ ਗਿਣਤੀ ਸੁਪਰਾਈਵਜ਼ਰਾਂ ਤੇ ਸਹਿਯੋਗੀ ਅਮਲੇ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਚੋਣ ਅਬਜ਼ਰਵਰ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਰਾਊਂਡ ਦੇ ਨਤੀਜਿਆਂ ਦਾ ਐਲਾਨ ਸਮੇਂ ਸਿਰ ਹੋਵੇ। ਜਿ਼ਲ੍ਹਾ ਚੋਣਕਾਰ ਅਫ਼ਸਰ ਨੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਗਿਣਤੀ ਕੇਂਦਰਾਂ ਦਾ ਦੌਰਾ ਕਰਨ ਅਤੇ ਸਾਰੇ ਲੋੜੀਂਦੇ ਪ੍ਰਬੰਧਾਂ ਜਿਵੇਂ ਪੀਣ ਵਾਲੇ ਪਾਣੀ ਦੇ ਪ੍ਰਬੰਧ, ਬਿਜਲੀ, ਪਖਾਨਿਆਂ, ਮੈਡੀਕਲ ਟੀਮਾਂ ਆਦਿ ਦੀ ਤਾਇਨਾਤੀ ਦਾ ਨਿਰੀਖਣ ਕਰਨ। ਉਨ੍ਹਾਂ ਕਿਹਾ ਕਿ ਗਿਣਤੀ ਦੇ ਸਮੁੱਚੇ ਅਮਲ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਕੀਤੀ ਜਾਵੇ।
ਇਸ ਮੌਕੇ ਵਧੀਕ ਜਿ਼ਲ੍ਹਾ ਚੋਣ ਅਫ਼ਸਰ ਸੁਰਿੰਦਰ ਸਿੰਘ ਧਾਲੀਵਾਲ, ਰਿਟਰਨਿੰਗ ਅਫ਼ਸਰ ਜਿ਼ਲ੍ਹਾ ਪਰਿਸ਼ਦ ਪੂਜਾ ਸਿਆਲ ਗਰੇਵਾਲ, ਰਿਟਰਨਿੰਗ ਅਫ਼ਸਰ ਸਰਹਿੰਦ ਸੂਬਾ ਸਿੰਘ, ਰਿਟਰਨਿੰਗ ਅਫ਼ਸਰ ਅਮਲੋਹ ਚੇਤਨ ਬੰਗੜ, ਰਿਟਰਨਿੰਗ ਅਫ਼ਸਰ ਖੇੜਾ ਸ਼ੰਕਰ ਸ਼ਰਮਾ, ਰਿਟਰਨਿੰਗ ਅਫ਼ਸਰ ਖਮਾਣੋ ਰਮਨਦੀਪ ਕੌਰ, ਰਿਟਰਨਿੰਗ ਅਫਸਰ ਬਸੀ ਪਠਾਣਾ ਹਰਵੀਰ ਕੌਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
