ਚੰਡੀਗੜ੍ਹ, 16 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਕੁਝ ਹਿੰਸਕ ਘਟਨਾਵਾਂ ਤੇ ਬੂਥ ਉੱਤੇ ਕਬਜ਼ਾ ਕਰਨ ਦੇ ਮਾਮਲਿਆਂ ਨੂੰ ਛੱਡ ਕੇ, ਪੋਲਿੰਗ ਸ਼ਾਂਤਮਈ ਤਰੀਕੇ ਨਾਲ ਹੋਈ ਪਰ ਪੋਲਿੰਗ ਸਿਰਫ਼ 48 ਫ਼ੀਸਦ ਰਹੀ, ਉਸ ਨੂੰ ਦੇਖ ਕੇ ਰਾਜਨੀਤਕ ਹਲਕਿਆਂ ਵਿਚ ਹੈਰਾਨੀ ਹੈ। ਪਿਛਲੇ ਦਿਨੀਂ ਕਰਵਾਈਆਂ ਚੋਣਾਂ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ 10 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਪਿਛਲੀ ਟਰਮ ਦੇ ਅੰਕੜਿਆਂ ਮੁਤਾਬਕ 20 ਫ਼ੀਸਦ ਦੀ ਕਮੀ ਆਈ ਹੈ। ਇਹ ਸਪਸ਼ਟ ਹੈ ਕਿ ਵੋਟਰਾਂ ਨੇ ਚੋਣਾਂ ਵਿਚ ਖ਼ਾਸ ਦਿਲਚਸਪੀ ਨਹੀਂ ਦਿਖਾਈ। 2018 ਦੀਆਂ ਚੋਣਾਂ ਵਿਚ 58.10 ਫ਼ੀਸਦ, 2013 ਵਿਚ 63 ਫ਼ੀਸਦ ਤੇ 2008 ਵਿਚ 68 ਫ਼ੀਸਦ ਪੋਲਿੰਗ ਹੋਈ ਸੀ।
ਆਮ ਤੌਰ ‘ਤੇ ਪਿੰਡਾਂ ਵਿਚ ਪੋਲਿੰਗ 65 ਫ਼ੀਸਦ ਤੋਂ ਵੱਧ ਹੁੰਦੀ ਹੈ ਅਤੇ ਕਈ ਥਾਵਾਂ ‘ਤੇ ਇਹ 80 ਫ਼ੀਸਦ ਵੀ ਦੇਖੀ ਗਈ ਹੈ ਪਰ ਇਸ ਵਾਰ ਲਗਭਗ ਸਾਰੇ ਜ਼ਿਲ੍ਹਿਆਂ ਵਿਚ ਪੋਲਿੰਗ 48 ਫ਼ੀਸਦ ਰਹੀ। ਹਾਲਾਂਕਿ ਇਸ ਵਾਰ ਅਕਾਲੀ ਦਲ ਦੇ ਦੋ ਧੜੇ ਬਣੇ ਹੋਣ ਦੇ ਨਾਲ-ਨਾਲ ਭਾਜਪਾ ਵੀ ਪਿਛਲੇ ਚੋਣਾਂ ਦੇ ਮੁਕਾਬਲੇ ਅਕਾਲੀ ਦਲ ਤੋਂ ਵੱਖਰੇ ਹੋ ਕੇ ਪੂਰੇ ਸੂਬੇ ਵਿਚ ਚੋਣਾਂ ਵਿਚ ਉਤਰੀ ਸੀ।
ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਮਿਲਾ ਕੇ ਬਹੁਤ ਸਾਰੀਆਂ ਥਾਵਾਂ ‘ਤੇ ਬਹੁ-ਕੋਣੀ ਮੁਕਾਬਲਾ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਹਰ ਪਾਰਟੀ ਜਿੱਤ ਲਈ ਜ਼ੋਰ ਲਗਾਏਗੀ ਤਾਂ ਪੋਲਿੰਗ ਫ਼ੀਸਦ ਕਾਫੀ ਚੰਗਾ ਰਹੇਗਾ ਪਰ ਅਜਿਹਾ ਨਹੀਂ ਹੋਇਆ।
ਚੋਣਾਂ ਤੋਂ ਪਹਿਲਾਂ ਹੀ ਸੂਬੇ ਵਿਚ ਕਣਕ ਦੀ ਬਿਜਾਈ ਦਾ ਕੰਮ ਪੂਰਾ ਹੋ ਚੁੱਕਾ ਹੈ। ਨਾ ਹੀ ਮੌਸਮ ਅਜਿਹਾ ਸੀ ਕਿ ਠੰਢ ਕਾਰਨ ਪਿੰਡਾਂ ਦੇ ਵੋਟਰ ਘਰੋਂ ਬਾਹਰ ਨਿਕਲਣ ਵਿਚ ਮੁਸ਼ਕਲ ਮਹਿਸੂਸ ਕਰਦੇ ਹੋਣ। ਪੂਰਾ ਦਿਨ ਚਮਕਦਾਰ ਧੁੱਪ ਰਹੀ ਪਰ ਇਸ ਦੇ ਬਾਵਜੂਦ ਵੋਟਰ, ਘਰੋਂ ਬਾਹਰ ਨਹੀਂ ਨਿਕਲੇ। ਫਿਰ ਆਖਿਰ ਕੀ ਕਾਰਨ ਸੀ ਕਿ ਮਤਦਾਤਾ ਮਤਦਾਨ ਕੇਂਦਰਾਂ ਤੱਕ ਨਹੀਂ ਪੁੱਜੇ?
ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਮੰਨਣਾ ਹੈ ਕਿ ਇਹ ਚੋਣਾਂ ਪੰਚਾਇਤ ਤੇ ਵਿਧਾਨ ਸਭਾ ਚੋਣਾਂ ਤੋਂ ਵੱਖਰੀਆਂ ਹੁੰਦੀਆਂ ਹਨ। ਇਸ ਵਿਚ ਪੰਜ ਹਜ਼ਾਰ ਵੋਟਰਾਂ ਦੇ ਪਿੱਛੇ ਇਕ ਜ਼ੋਨ ਬਣਦਾ ਹੈ। ਇਸ ਤਰ੍ਹਾਂ ਜ਼ਿਆਦਾਤਰ ਪਾਰਟੀਆਂ ਉਸ ਪਿੰਡ ਤੋਂ ਉਮੀਦਵਾਰ ਦਿੰਦੀਆਂ ਹਨ, ਜਿਨ੍ਹਾਂ ਦੇ ਵੋਟਰ ਜ਼ਿਆਦਾ ਹੁੰਦੇ ਹਨ, ਬਾਕੀ ਦੀਆਂ ਨਜ਼ਰਅੰਦਾਜ਼ਗੀ ਹੋ ਜਾਂਦੀ ਹੈ ਜਿਸ ਕਾਰਨ ਉਹ ਪਿੰਡਾਂ ਦੇ ਲੋਕ ਵੋਟਾਂ ਪਾਉਣ ਵਿਚ ਰੁਚੀ ਨਹੀਂ ਰੱਖਦੇ।
ਦੂਜਾ ਕਾਰਨ ਇਹ ਹੈ ਕਿ ਇਹ ਚੋਣਾਂ 2023 ਦੀ ਵੋਟਰ ਸੂਚੀ ਦੇ ਅਧਾਰ ‘ਤੇ ਕਰਵਾਈਆਂ ਗਈਆਂ ਹਨ। ਕਈ ਵੋਟਰ ਅਜਿਹੇ ਹਨ ਜੋ ਇਨ੍ਹਾਂ ਦੋ ਸਾਲਾਂ ਵਿਚ ਹੁਣ ਨਹੀਂ ਹਨ। ਤੀਜੀ ਵਜ੍ਹਾ ਇਹ ਹੈ ਕਿ ਪੋਲਿੰਗ ਲਈ ਸਮਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਸੀ, ਜਦਕਿ ਇਹ ਵਿਧਾਨ ਸਭਾ ਦੀ ਚੋਣ ਵਾਂਗ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਹੋਣੀ ਚਾਹੀਦੀ ਸੀ ਪਰ ਜੇ ਇਹੀ ਕਾਰਨ ਹੈ ਤਾਂ ਪਿਛਲੀ ਵਾਰ ਚੋਣਾਂ ਵਿਚ 68 ਫ਼ੀਸਦ ਮਤਦਾਨ ਕਿਉਂ ਹੋਇਆ? ਇਸ ਦਾ ਜਵਾਬ ਨਹੀਂ ਹੈ।
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਲੋਕਾਂ ਦੀ ਉਦਾਸੀਨਤਾ ਤੋਂ ਸਪਸ਼ਟ ਹੈ ਕਿ ਉਨ੍ਹਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਇਨ੍ਹਾਂ ਚੋਣਾਂ ਵਿਚ ਸਰਕਾਰ ਨੂੰ ਹਰਾਉਣ ਨਾਲ ਉਨ੍ਹਾਂ ਦਾ ਮਕਸਦ ਹੱਲ ਨਹੀਂ ਹੁੰਦਾ, ਇਸ ਲਈ ਵਿਰੋਧ ਵਿਚ ਮਤਦਾਨ ਕਰਨ ਦੀ ਬਜਾਏ ਉਨ੍ਹਾਂ ਨੂੰ ਘਰ ‘ਤੇ ਬੈਠਣਾ ਜ਼ਿਆਦਾ ਠੀਕ ਲੱਗਾ। ਬੀਤੇ ਦਿਨ ਹੋਈਆਂ ਚੋਣਾਂ ਵਿਚ ਸੂਬਾਈ ਚੋਣ ਕਮਿਸ਼ਨ ਨੇ 16 ਕੇਂਦਰਾਂ ‘ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ ਤੇ ਮਤਗਣਨਾ ਦਾ ਕੰਮ 17 ਦਸੰਬਰ ਨੂੰ ਹੋਵੇਗਾ।
