ਚੰਡੀਗੜ੍ਹ, 16 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਵਾਰੀ ਮੁੜ ਕੈਪਟਨ ਦੀ ਤਾਰੀਫ਼ ਕਰ ਕੇ ਸਿਆਸੀ ਹਲਕਿਆਂ ’ਚ ਚਰਚਾ ਸ਼ੁਰੂ ਕਰ ਦਿੱਤੀ ਹੈ। ਰੰਧਾਵਾ ਨੇ ਇਕ ਇੰਟਰਵਿਊ ’ਚ ਕੈਪਟਨ ਨੂੰ ਜ਼ੁਬਾਨ ਦਾ ਪੱਕਾ ਦੱਸਿਆ। ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਜਿਸ ਦੇ ਨਾਲ ਖੜ੍ਹੇ ਹਨ ਤਾਂ ਖੜ੍ਹੇ ਹਨ। ਰੰਧਾਵਾ ਨੇ ਉਨ੍ਹਾਂ ਨੂੰ ਬਿਹਤਰ ਸਿਆਸਤਦਾਨ ਦੇ ਰੂਪ ’ਚ ਸੰਬੋਧਨ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਇਸ ਲਈ ਵੀ ਮਹੱਤਵਪੂਰਣ ਹੈ ਕਿ ਹਾਲੇ ਤਿੰਨ ਦਿਨ ਪਹਿਲਾਂ ਹੀ ਕੈਪਟਨ ਨੇ ਕਿਹਾ ਸੀ ਪਿਛਲੇ ਚਾਰ ਸਾਲਾਂ ’ਚ ਭਾਜਪਾ ’ਚ ਉਨ੍ਹਾਂ ਨੂੰ ਪੁੱਛਿਆ ਹੀ ਨਹੀਂ ਗਿਆ ਹੈ। ਕਾਂਗਰਸ ’ਚ ਲੰਬੀ ਚਰਚਾ ਦੇ ਬਾਅਦ ਹੀ ਕੋਈ ਫ਼ੈਸਲਾ ਕੀਤਾ ਜਾਂਦਾ ਸੀ। ਕਾਂਗਰਸ ਛੱਡਣ ਦੇ ਬਾਅਦ ਪਹਿਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਮਨ ਵਿਚ ਕਾਂਗਰਸ ਤੇ ਉਸਦੀ ਲੀਡਰਸ਼ਿਪ ਦੇ ਪ੍ਰਤੀ ਉਮੜੇ ਪਿਆਰ ਵਿਚਾਲੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਦੇ ਪੁਲ ਬੰਨ੍ਹਣਾ ਸਿਆਸੀ ਹਲਕਿਆਂ ’ਚ ਚਰਚਾ ਜ਼ਰੂਰ ਛੇੜ ਗਿਆ ਹੈ।
ਇਹ ਇਸ ਲਈ ਵੀ ਖ਼ਾਸ ਹੈ ਕਿ 2021 ’ਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਬਗਾਵਤ ਕਰਨ ਵਾਲੀ ਜਿਹੜੀ ਮਾਝਾ ਬ੍ਰਿਗੇਡ ਅੱਗੇ ਸੀ, ਉਸ ਵਿਚ ਸੁਖਜਿੰਦਰ ਸਿੰਘ ਰੰਧਾਵਾ ਵੀ ਅੱਗੇ ਰਹੇ ਹਨ। ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਾਸਪਾਤਰ ਤੇ ਸੰਕਟਮੋਚਕ ਮੰਨੇ ਜਾਣ ਵਾਲੇ ਰੰਧਾਵਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਸਖ਼ਤ ਕਾਰਵਾਈ ਚਾਹੁੰਦੇ ਸਨ ਪਰ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਵਜੋਂ ਰਿਸਪਾਂਸ ਨਾ ਮਿਲਣ ਦੇ ਕਾਰਨ ਦੋਵਾਂ ਵਿਚਾਲੇ ਮਤਭੇਦ ਹੋ ਗਏ।
ਹੁਣ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ’ਚ ਰਹਿ ਕੇ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੇ•। ਅਜਿਹੇ ’ਚ ਰੰਧਾਵਾ ਨੇ ਪੁਰਾਣੇ ਸਬੰਧਾਂ ਦੇ ਕਾਰਨ ਸਾਲਾਂ ਬਾਅਦ ਉਨ੍ਹਾਂ ਦੀ ਤਾਰੀਫ਼ ਦੇ ਪੁਲ ਬੰਨ੍ਹ ਕੇ ਕੈਪਟਨ ਲਈ ਕਾਂਗਰਸ ’ਚ ਵਾਪਸੀ ਦੀ ਰਾਹ ਬਣਾ ਰਹੇ ਹਨ। ਹਾਲਾਂਕਿ ਕੈਪਟਨ ਦੀ ਪਤਨੀ ਤੇ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਨੇ ਇਨ੍ਹਾਂ ਕਿਆਸਅਰਾਈਆਂ ਨੂੰ ਗਲਤ ਦੱਸਿਆ ਹੈ। ਪੰਜਾਬ ਦੀ ਸਿਆਸਤ ’ਤੇ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਕੈਪਟਨ ਦਾ ਭਾਜਪਾ ਨੂੰ ਛੱਡ ਕੇ ਕਾਂਗਰਸ ’ਚ ਪਰਤਣਾ ਇੰਨਾ ਆਸਾਨ ਨਹੀਂ ਹੈ। ਜੇਕਰ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ ਤਾਂ ਉਨ੍ਹਾਂ ਦੇ ਬੇਟੇ ਦੇ ਖ਼ਿਲਾਫ਼ ਇਸ ਸਮੇਂ ਠੰਢੀ ਪਈ ਈਡੀ ਦੀ ਜਾਂਚ ਕਿਸੇ ਵੀ ਸਮੇਂ ਤੇਜ਼ ਹੋ ਸਕਦੀ ਹੈ। ਦੂਜਾ, ਕਾਂਗਰਸ ਲਈ ਹੁਣ ਉਨ੍ਹਾਂ ਨੂੰ ਦੁਬਾਰਾ ਆਗੂ ਦੇ ਰੂਪ ’ਚ ਉਭਾਰਣਾ ਵੀ ਸਹੀ ਨਹੀਂ ਹੈ।
