ਚੰਡੀਗੜ੍ਹ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਪੁਲਿਸ ਨੇ ਸੁਲਤਾਨਪੁਰ ਲੋਧੀ ਵਿਖੇ ਪਸ਼ੂ ਪਾਲਣ ਵਿਭਾਗ ਦੀ ਖਾਲੀ ਪਈ 25 ਕਨਾਲ ਦੇ ਕਰੀਬ ਜ਼ਮੀਨ ਵਿੱਚੋਂ 19 ਕਨਾਲ ਜ਼ਮੀਨ ਪੰਜਾਬ ਪੁਲਿਸ ਨੂੰ ਟਰਾਂਸਫਰ ਕਰਨ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ, ਗ੍ਰਹਿ ਵਿਭਾਗ ਨੇ ਪਸ਼ੂ ਪਾਲਣ ਵਿਭਾਗ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਹੈ ਕਿ ਵਿਭਾਗ ਦੀ 25 ਕਨਾਲ ਤੋਂ ਵੱਧ ਜ਼ਮੀਨ ਖਾਲੀ ਪਈ ਹੈ। ਵੂਮੈਨ ਸੈੱਲ ਦੇ ਨਜ਼ਦੀਕ ਪੁਲਿਸ ਮੁਲਾਜ਼ਮਾਂ ਤੇ ਥਾਣਾ ਮੁਖੀ ਲਈ ਕਰੀਬ 40 ਕਮਰਿਆਂ ਦੀ ਰਿਹਾਇਸ਼ ਬਣਾਉਣ ਦੀ ਤਜ਼ਵੀਜ ਹੈ, ਇਸ ਲਈ ਉਕਤ ਜ਼ਮੀਨ ਵਿੱਚੋਂ ਕਰੀਬ 19 ਕਨਾਲ ਜ਼ਮੀਨ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ।

ਦੱਸਿਆ ਜਾਂਦਾ ਹੈ ਕਿ ਗ੍ਰਹਿ ਵਿਭਾਗ, ਪੁਲਿਸ ਵਿਭਾਗ ਦੀ ਚਿੱਠੀ ਪ੍ਰਾਪਤ ਹੋਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਦੀ ਚਿੰਤਾ ਵੱਧ ਗਈ ਹੈ। ਪਤਾ ਚੱਲਿਆ ਹੈ ਕਿ ਪਸ਼ੂ ਪਾਲਣ ਵਿਭਾਗ ਇਹ ਜ਼ਮੀਨ ਪੁਲਿਸ ਵਿਭਾਗ ਨੂੰ ਦੇਣ ਲਈ ਸਹਿਮਤ ਨਹੀਂ ਹੈ ਕਿਉਂਕਿ ਵਿਭਾਗ ਭਵਿੱਖ ਵਿਚ ਇੱਥੇ ਪਸ਼ੂ ਪਾਲਣ ਹਸਪਤਾਲ ਦਾ ਵਿਸਥਾਰ ਕਰਨ, ਪਸ਼ੂ ਪਾਲਕਾਂ ਜਾਂ ਪਸ਼ੂਆਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਦਾ ਵਿਸਥਾਰ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇ 25 ਕਨਾਲ ਵਿੱਚੋਂ 19 ਕਨਾਲ ਜ਼ਮੀਨ ਪੁਲਿਸ ਵਿਭਾਗ ਨੂੰ ਤਬਦੀਲ ਕਰ ਦਿੱਤੀ ਗਈ ਤਾਂ ਭਵਿੱਖ ਵਿਚ ਵਿਭਾਗ ਨੂੰ ਜ਼ਮੀਨ ਪ੍ਰਾਪਤ ਕਰਨ ਵਿਚ ਵੱਡੀ ਰੁਕਾਵਟ ਖੜ੍ਹੀ ਹੋ ਸਕਦੀ ਹੈ।

ਵਰਨਣਯੋਗ ਹੈ ਕਿ ਮਲੇਰਕੋਟਲਾ ਜ਼ਿਲ੍ਹੇ ਵਿਚ ਸੈਸ਼ਨ ਜੱਜ ਸਮੇਤ ਹੋਰ ਜੱਜਾਂ ਲਈ ਰਿਹਾਇਸ਼ ਦਾ ਪ੍ਰਬੰਧ ਨਾ ਕਰਨ ਦਾ ਮਾਮਲਾ ਹਾਈ ਕੋਰਟ ਵਿਚ ਪੁੱਜ ਗਿਆ ਹੈ। ਪਿਛਲੇ ਦਿਨਾਂ ਦੌਰਾਨ ਹਾਈ ਕੋਰਟ ਨੇ ਸੂਬਾ ਸਰਕਾਰ ਦੀ ਖਿਚਾਈ ਕਰਦੇ ਹੋਏ ਇੱਥੇ ਤੱਕ ਕਹਿ ਦਿੱਤਾ ਸੀ ਕਿ ਜੇ ਜੱਜ ਸਾਹਿਬਾਨ ਨੂੰ ਰਿਹਾਇਸ਼ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਦੀ ਰਿਹਾਇਸ਼ ਖੋਹ ਲਈ ਜਾਵੇਗੀ, ਯਾਨੀ ਇਹ ਰਿਹਾਇਸ਼ ਜ਼ਿਲ੍ਹਾ ਤੇ ਸੈਸ਼ਨ ਜੱਜ ਸਣੇ ਹੋਰ ਸੀਨੀਅਰ ਜੱਜਾਂ ਨੂੰ ਦਿੱਤੀ ਜਾਵੇਗੀ। ਵਿਭਾਗ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਸ਼ੂ ਪਾਲਣ ਦੇ ਵਿਭਾਗ ਦੇ ਅਧਿਕਾਰੀਆਂ ਜਾਂ ਮੁਲਾਜ਼ਮਾਂ ਲਈ ਵੀ ਰਿਹਾਇਸ਼ ਦਾ ਪ੍ਰਬੰਧ ਨਹੀਂ ਹੈ। ਜੇ ਪੁਲਿਸ ਪ੍ਰਸ਼ਾਸਨ ਨੂੰ ਰਿਹਾਇਸ਼ ਲਈ ਇਹ ਜਗ੍ਹਾ ਦਿੱਤੀ ਜਾਂਦੀ ਹੈ ਤਾਂ ਵਿਭਾਗ ਦੇ ਮੁਲਾਜ਼ਮ ਵੀ ਇਹ ਮੰਗ ਕਰਨਗੇ ਕਿ ਉਨ੍ਹਾਂ ਲਈ ਇੱਥੇ ਰਿਹਾਇਸ਼ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾ ਸਕਦਾ। ਇਸ ਕਰ ਕੇ ਵਿਭਾਗ ਬਿਨਾਂ ਵਜ੍ਹਾ ਕਿਸੇ ਮੁਸੀਬਤ ਵਿਚ ਫਸਣਾ ਨਹੀਂ ਚਾਹੁੰਦਾ। ਵਿਭਾਗ ਦੇ ਇਕ ਅਧਿਕਾਰੀ ਨੇ ਪੁਲਿਸ ਵਿਭਾਗ ਵੱਲੋਂ ਜ਼ਮੀਨ ਮੰਗੇ ਜਾਣ ਸਬੰਧੀ ਚਿੱਠੀ ਬਾਰੇ ਪੁਸ਼ਟੀ ਕੀਤੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।