ਚੰਡੀਗੜ੍ਹ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੋਰਿੰਡਾ ਸਥਿਤ ਘਰ ਵਿਚ ਕਾਂਗਰਸ ਦੇ ਵੱਡੇ ਆਗੂਆਂ ਦਾ ਇਕੱਠ ਕੀਤਾ ਸੀ, ਇਸ ਮਗਰੋਂ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਫੇਰਬਦਲ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਣੇ ਕਾਂਗਰਸ ਦੇ ਵੱਡੀ ਗਿਣਤੀ ਵਿਚ ਨੇਤਾ ਉਸ ਸਮਾਗਮ ਵਿਚ ਮੌਜੂਦ ਸਨ।
ਦੱਸਿਆ ਜਾਂਦਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਬੇਟੇ ਦੇ ਜਨਮ ਦਿਨ ਦੇ ਸਬੰਧ ਵਿਚ ਘਰ ਵਿਚ ਧਾਰਮਿਕ ਪ੍ਰੋਗਰਾਮ ਰੱਖਿਆ ਸੀ ਪਰ ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਚੰਨੀ ਨੇ ਸਿਆਸੀ ਸ਼ਕਤੀ ਪ੍ਰਦਰਸ਼ਨ ਕਰ ਕੇ ਕਾਂਗਰਸ ਹਾਈਕਮਾਨ ਨੂੰ ਇਹ ਸੰਕੇਤ ਦੇਣ ਦਾ ਯਤਨ ਕੀਤਾ ਹੈ ਕਿ ਉਨ੍ਹਾਂ ਦੇ ਨਾਂ ’ਤੇ ਕਾਂਗਰਸ ਵਿਚ ਧੜੇਬਾਜ਼ੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਕਾਂਗਰਸ ਦੇ ਕਈ ਵੱਡੇ ਆਗੂਆਂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਵਿਚ ਦਸੰਬਰ ਦੇ ਆਖ਼ਰੀ ਹਫ਼ਤੇ ਤੱਕ ਜਾਂ ਜਨਵਰੀ ਮਹੀਨੇ ਵਿਚ ਫੇਰਬਦਲ ਹੋਣ ਦਾ ਸੰਕੇਤ ਦਿੱਤਾ ਹੈ। ਕਈ ਕਾਂਗਰਸ ਆਗੂਆਂ ਦਾ ਮੰਨਣਾ ਹੈ ਕਿ ਚਰਨਜੀਤ ਸਿੰਘ ਚੰਨੀ ਦਲਿਤ ਵੋਟ ਬੈਂਕ ਨੂੰ ਖਿੱਚਣ ਵਿਚ ਕਾਮਯਾਬ ਹੋ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਪਾਰਟੀ ਹਾਈਕਮਾਨ ਨੇ ਵੀ ਚੰਨੀ ਨੂੰ ਅਗਾਮੀ ਦਿਨਾਂ ਵਿਚ ਵੱਡੀ ਜ਼ਿੰਮੇਵਾਰੀ ਦੇਣ ਦਾ ਸੰਕੇਤ ਦੇ ਦਿੱਤਾ ਹੈ।
ਸਾਡੀ ਧੂਣੀ ਚੰਨੀ : ਸਦੀਕ
ਸਾਬਕਾ ਲੋਕ ਸਭਾ ਮੈਂਬਰ ਤੇ ਉੱਘੇ ਲੋਕ ਗਾਇਕ ਮਹੁੰਮਦ ਸਦੀਕ ਨੇ ਚਰਨਜੀਤ ਸਿੰਘ ਚੰਨੀ ਦੇ ਘਰ ਹੋਏ ਇਕੱਠ ’ਤੇ ਲੋਕ ਕਹਾਵਤ ਜ਼ਰੀਏ ਸਿਆਸੀ ਟਿੱਪਣੀ ਕਰਦੇ ਹੋਏ ਕਿਹਾ ਕਿ ਸਾਧ ਦੀ ਧੂਣੀ ’ਤੇ ਇਕੱਠ ਹੁੰਦਾ ਹੈ ਤੇ ਸਾਡੀ ਧੂਣੀ ਚੰਨੀ ਹੈ। ਸਦੀਕ ਨੇ ਜਦੋਂ ਇਹ ਸ਼ਬਦ ਕਹੇ ਤਾਂ ਉਸ ਵਕਤ ਚੰਨੀ ਸਮੇਤ ਕਾਂਗਰਸ ਦੇ ਕਈ ਵੱਡੇ ਆਗੂ ਹਾਜ਼ਰ ਸਨ ਤੇ ਕਿਸੇ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ।
ਬਾਜਵਾ, ਰੰਧਾਵਾ, ਔਜਲਾ ਤੇ ਪ੍ਰਗਟ ਸਿੰਘ ਵੀ ਪ੍ਰਧਾਨ ਬਣਨ ਦੇ ਇਛੁੱਕ
ਕਾਂਗਰਸੀ ਹਲਕਿਆਂ ਵਿਚ ਚਰਚਾ ਹੈ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਜਿੱਥੇ ਅਜੇ ਪ੍ਰਧਾਨ ਬਣੇ ਰਹਿਣ ਦੀ ਇੱਛਾ ਰੱਖਦੇ ਹਨ, ਉਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ, ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਤੇ ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਪਰਗਟ ਸਿੰਘ ਵੀ ਪ੍ਰਧਾਨਗੀ ਦੀ ਦੌੜ ਵਿਚ ਸ਼ਾਮਲ ਦੱਸੇ ਜਾਂਦੇ ਹਨ। ਕਾਂਗਰਸ ਹਾਈਕਮਾਨ ਪੰਜਾਬ ਵਿਚ ਜੱਟ ਸਿੱਖ, ਹਿੰਦੂ ਅਤੇ ਦਲਿਤ ਲੀਡਰਸ਼ਿਪ ਵਿਚ ਸੁਮੇਲ ਬਣਾਉਣਾ ਚਾਹੁੰਦੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਪ੍ਰਧਾਨ ਬਣਨ ਦੇ ਇੱਛੁਕ ਹਨ, ਜੇ ਉਹ ਪ੍ਰਧਾਨ ਬਣਦੇ ਹਨ ਤਾਂ ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਛੱਡਣਾ ਪਵੇਗਾ। ਯਾਨੀ ਫਿਰ ਵਿਰੋਧੀ ਧਿਰ ਦਾ ਅਹੁਦਾ ਕਿਸੇ ਹਿੰਦੂ ਜਾਂ ਦਲਿਤ ਆਗੂ ਦੇ ਹਿੱਸੇ ਆਵੇਗਾ। ਜੇ ਚੰਨੀ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਵਿਰੋਧੀ ਧਿਰ ਦਾ ਅਹੁਦਾ ਪ੍ਰਤਾਪ ਸਿੰਘ ਬਾਜਵਾ ਕੋਲ ਹੀ ਰਹੇਗਾ। ਕਾਂਗਰਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਲੋਕ ਸਭਾ ਮੈਂਬਰਾਂ ਨੂੰ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣ ਲੜਾਈ ਤਾਂ ਕਾਂਗਰਸ ਪਾਰਲੀਮੈਂਟ ਜ਼ਿਮਨੀ ਚੋਣਾਂ ਲੜਨ ਦੀ ਸਮਰੱਥਾ ਰੱਖਦੀ ਹੈ। ਯਾਨੀ ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ ਤੇ ਚਰਨਜੀਤ ਸਿੰਘ ਚੰਨੀ ਤਿੰਨੋਂ ਵਿਧਾਨ ਸਭਾ ਚੋਣਾਂ ਲੜਨ ਦੇ ਇਛੁੱਕ ਦੱਸੇ ਜਾਂਦੇ ਹਨ। ਉਧਰ ਸੋਸ਼ਲ ਮੀਡੀਆ ਵਿਚ ਚੰਨੀ ਦੇ ਹੱਕ ਵਿਚ ਪ੍ਰਚਾਰ ਵੀ ਸ਼ੁਰੂ ਹੋ ਗਿਆ ਹੈ।
