ਚੰਡੀਗੜ੍ਹ, 24 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਅੱਜ ਅਨੰਦਪੁਰ ਸਾਹਿਬ ਵਿੱਚ ਸ਼ੁਰੂ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਰੇ ਸੱਤਾਧਾਰੀ ਪਾਰਟੀ ਦੇ ਵਿਧਾਇਕ ਵਿਸ਼ੇਸ਼ ਸੈਸ਼ਨ ਵਿੱਚ ਹਿੱਸਾ ਲੈਣ ਲਈ ਆਨੰਦਪੁਰ ਸਾਹਿਬ ਪਹੁੰਚ ਗਏ ਹਨ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਜੈਕਾਰਿਆਂ ਨਾਲ ਆਰੰਭ ਹੋਈ।
Live Updates :
-ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਮਤਾ ਪੇਸ਼ ਕੀਤਾ।
-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਸਮਾਗਮ ਵਿੱਚ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜੈਕਾਰਾ ਬੁਲਇਆ। ਉਹਨਾਂ ਕਿਹਾ ਕਿ ਸਾਡੇ ਉਤੇ ਅਪਾਰ ਬਖਸ਼ਿਸ਼ ਹੋਈ ਹੈ ਕਿ ਭਾਈ ਜੈਤਾ ਜੀ ਯਾਦਗਾਰ ਵਿਖੇ, ਖਾਲਸੇ ਦੇ ਪਵਿੱਤਰ ਖੰਡੇ ਹੇਠ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਇਸ ਸ਼ਹਾਦਤ ਦਾ ਸੁਨੇਹਾ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਅਸੀਂ ਸਾਰੇ ਇਥੇ ਇਕੱਤਰ ਹੋਏ ਹਾਂ l
-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ, ਵਿਧਾਨ ਸਭਾ ਵਿੱਚ ਪਹੁੰਚੇ।
-ਜਲੰਧਰ ਦੇ ਵਿਧਾਇਕ ਰਮਨ ਅਰੋੜਾ ਵੀ ਵਿਧਾਨ ਸਭਾ ਸੈਸ਼ਨ ਵਿੱਚ ਪੁੱਜੇ। ਜੇਲ੍ਹ ਵਿੱਚੋਂ ਰਿਹਾਅ ਹੋਣ ਬਾਦ ਅੱਜ ਉਹ ਪਹਿਲੀ ਵਾਰ ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਣ ਪੁੱਜੇ ਹਨ।
-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਵਿਧਾਨ ਸਭਾ ਵਿੱਚ ਪਹੁੰਚੇ।
-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਸਦਨ ਦੀ ਕਾਰਵਾਈ ਦੇਖਣ ਪੁੱਜੇ।
-ਸਿੱਖਿਆ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ, ਵਿਧਾਨ ਸਭਾ ਵਿੱਚ ਨੰਗੇ ਪੈਰੀ ਇਕੱਲੇ ਇਕੱਲੇ ਮੈਂਬਰ ਅਤੇ ਦਰਸ਼ਕ ਕੋਲ ਪੁੱਜ ਕੇ ਉਹਨਾਂ ਦਾ ਹਾਲਚਾਲ ਪੁੱਛ ਰਹੇ ਹਨ ਅਤੇ ਸ਼੍ਰੀ ਅਨੰਦਪੁਰ ਸਾਹਿਬ ਪੁੱਜਣ ‘ਤੇ ਸਵਾਗਤ ਕਰ ਰਹੇ ਹਨ।
-ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ, ਲੋਕ ਸਭਾ ਮੈਂਬਰ ਰਾਜਕੁਮਾਰ ਚੱਬੇਵਾਲ ਵੀ ਵਿਧਾਨ ਸਭਾ ਦੀ ਕਾਰਵਾਈ ਦੇਖਣ ਪੁੱਜੇ।
ਦੱਸ ਦੇਈਏ ਕਿ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਦੌਰਾਨ, ਮੁੱਖ ਮੰਤਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ‘ਤੇ ਇੱਕ ਸਰਕਾਰੀ ਮਤਾ ਪੇਸ਼ ਕਰਨਗੇ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਸ ਸੈਸ਼ਨ ਦੌਰਾਨ ਕੋਈ ਹੋਰ ਸਰਕਾਰੀ ਕੰਮ ਨਹੀਂ ਕੀਤਾ ਜਾਵੇਗਾ।
ਇਹ ਧਿਆਨ ਦੇਣ ਯੋਗ ਹੈ ਕਿ 25 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਹੈ। ਇਹ ਸਰਕਾਰੀ ਪੱਧਰ ‘ਤੇ ਵੱਡੇ ਪੱਧਰ ‘ਤੇ ਮਨਾਈ ਜਾ ਰਹੀ ਹੈ। ਇਸ ਸੰਦਰਭ ਵਿੱਚ, ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦੇਣ ਲਈ ਆਨੰਦਪੁਰ ਸਾਹਿਬ ਵਿੱਚ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ।
ਇਹ ਪਹਿਲੀ ਵਾਰ ਹੈ ਕਿ ਚੰਡੀਗੜ੍ਹ ਤੋਂ ਬਾਹਰ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਹੈ। ਇਸ ਮਤੇ ਦਾ ਮੁੱਖ ਉਦੇਸ਼ ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਸ਼ਹਾਦਤ ਨੂੰ ਸ਼ਰਧਾਂਜਲੀ ਦੇਣਾ ਹੈ।
ਹਾਲਾਂਕਿ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਸਰਕਾਰ ਇਸ ਮੌਕੇ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਦਰਜਾ ਦੇ ਸਕਦੀ ਹੈ, ਪਰ ਵਿਧਾਨ ਸਭਾ ਦੇ ਏਜੰਡੇ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।
