ਚੰਡੀਗੜ੍ਹ, 20 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਮੁਅੱਤਲ DIG ਹਰਚਰਨ ਸਿੰਘ ਭੁੱਲਰ ਖਿਲਾਫ਼ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਸਮਰਾਲਾ ਫਾਰਮ ਹਾਊਸ ‘ਤੇ ਐਕਸਾਈਜ਼ ਐਕਟ ਅਧੀਨ ਰੇਡ ਦੌਰਾਨ 2.89 ਲੱਖ ਰੁਪਏ ਦੀ ਸ਼ਰਾਬ ਬਰਾਮਦ ਹੋਈ। ਇਸ ਦੌਰਾਨ ਫਾਰਮ ਹਾਊਸ ਤੋਂ 108 ਬੋਤਲਾਂ ਸ਼ਰਾਬ ਜ਼ਬਤ ਕੀਤੀਆਂ ਗਈਆਂ।
CBI ਦੀ ਸ਼ਿਕਾਇਤ ‘ਤੇ ਸਮਰਾਲਾ ਪੁਲਿਸ ਨੇ FIR ਦਰਜ ਕੀਤੀ। ਇਸ ਤੋਂ ਪਹਿਲਾਂ 16 ਅਕਤੂਬਰ ਨੂੰ CBI ਨੇ ਹਰਚਰਨ ਭੁੱਲਰ ਦੇ ਖਿਲਾਫ਼ ਰੇਡ ਕਰਦਿਆਂ 7.5 ਕਰੋੜ ਰੁਪਏ, 2.5 ਕਿਲੋਗ੍ਰਾਮ ਸੋਨੇ ਦੇ ਗਹਿਣੇ, ਰੋਲੈਕਸ ਅਤੇ ਰਾਡੋ ਸਮੇਤ 26 ਲਗਜ਼ਰੀ ਘੜੀਆਂ ਅਤੇ ਹਥਿਆਰ ਬਰਾਮਦ ਕੀਤੇ ਸਨ। ਭੁੱਲਰ ਫਿਲਹਾਲ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ।
CBI ਨੇ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਤੇ ਕਥਿਤ ਤੌਰ ਤੇ ਲੱਖਾਂ ਰੁਪਏ ਰਿਸ਼ਵਤ ਲੈਣ ਦਾ ਇਲਜ਼ਾਮ ਹੈ। CBI ਨੇ ਵੀਰਵਾਰ ਦੁਪਹਿਰ ਨੂੰ DIG ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। DIG ਨੇ ਵਿਚੋਲੀਆ ਰਾਹੀਂ ਫਤਿਹਗੜ੍ਹ ਸਾਹਿਬ ਵਿੱਚ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਵਪਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਰਿਸ਼ਵਤ ਨਾ ਦੇਣ ‘ਤੇ ਉਸਦੇ 2 ਸਾਲ ਪਹਿਲਾਂ ਸਰਹਿੰਦ ਵਿੱਚ ਦਰਜ ਪੁਰਾਣੇ ਕੇਸ ਵਿੱਚ ਚਾਰਜਸ਼ੀਟ ਪੇਸ਼ ਕਰਨ ਅਤੇ ਨਵੇਂ ਨਕਲੀ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ।
ਕਾਰੋਬਾਰੀ ਨੇ ਇਸ ਦੀ ਸ਼ਿਕਾਇਤ CBI ਨੂੰ ਕਰ ਦਿੱਤੀ। CBI ਨੇ ਜਾਂਚ ਦੇ ਬਾਅਦ ਜਾਲ ਸਾਜ਼ੀ ਕਰਕੇ DIG ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਦਿੱਲੀ ਅਤੇ ਚੰਡੀਗੜ੍ਹ ਤੋਂ ਆਈ CBI ਦੀ ਲਗਭਗ 52 ਲੋਕਾਂ ਦੀ ਟੀਮ ਨੇ ਉਨ੍ਹਾਂ ਦੇ ਮੋਹਾਲੀ ਦਫ਼ਤਰ ਅਤੇ ਚੰਡੀਗੜ੍ਹ ਦੇ ਸੈਕਟਰ 40 ਦੀ ਕੋਠੀ ਨੂੰ ਖੰਗਾਲਿਆ। ਉਨ੍ਹਾਂ ਦੀ ਕੋਠੀ ਤੋਂ 5 ਕਰੋੜ ਰੁਪਏ ਨਕਦ ਮਿਲੇ, ਜੋ 3 ਬੈਗਾਂ ਅਤੇ 2 ਅਟੈਚੀਜ਼ ਵਿੱਚ ਭਰੇ ਹੋਏ ਸਨ। ਇਸਦੀ ਗਿਣਤੀ ਕਰਨ ਲਈ CBI ਦੀ ਟੀਮ ਨੂੰ ਨੋਟ ਗਿਣਨ ਵਾਲੀਆਂ 3 ਮਸ਼ੀਨਾਂ ਲੈਣੀਆਂ ਪਈਆਂ।
ਇਸਦੇ ਇਲਾਵਾ ਭਾਰੀ ਮਾਤਰਾ ਵਿੱਚ ਗਹਿਣੇ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਰਿਵਾਲਵਰ ਵੀ ਮਿਲੇ। CBI ਨੂੰ DIG ਦੀਆਂ 15 ਪ੍ਰਾਪਰਟੀਆਂ ਅਤੇ ਲਗਜ਼ਰੀ ਗੱਡੀਆਂ ਦੇ ਡਾਕਯੂਮੈਂਟ ਵੀ ਮਿਲੇ ਹਨ। ਘਰ ਤੋਂ BMW, ਮਰਸਿਡੀਜ਼ ਕਾਰ ਅਤੇ ਬੈਂਕ ਲਾਕਰ ਦੀ ਚਾਬੀ ਵੀ ਬਰਾਮਦ ਹੋਈ। DIG ਦੀ ਚੰਡੀਗੜ੍ਹ ਕੋਠੀ ਵਿੱਚ CBI ਦੀਆਂ ਟੀਮਾਂ ਦੇਰ ਰਾਤ ਤੱਕ ਜਾਂਚ ਕਰਦੀਆਂ ਰਹੀਆਂ।
CBI ਨੇ ਕਿਹਾ ਕਿ DIG ਦੇ ਨਾਲ ਵਿਚੋਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਵਿਚੋਲੇ ਨੂੰ 8 ਲੱਖ ਰੁਪਏ ਲੈਂਦੇ ਚੰਡੀਗੜ੍ਹ ਦੇ ਸੈਕਟਰ-21 ਵਿੱਚ ਰੰਗੇਹੱਥੀਂ ਫਰਿਆ ਗਿਆ। ਇਸ ਤੋਂ ਬਾਅਦ DIG ਨੂੰ ਫੋਨ ਕਰਵਾਇਆ ਗਿਆ, ਜਿਸ ਵਿੱਚ DIG ਨੇ ਰਿਸ਼ਵਤ ਮੰਗਣ ਦੀ ਗੱਲ ਕਬੂਲ ਕੀਤੀ ਅਤੇ ਵਿਚੋਲੇ ਅਤੇ ਵਪਾਰੀ ਨੂੰ ਆਪਣੇ ਦਫ਼ਤਰ ਬੁਲਾਇਆ, ਜਿੱਥੋਂ DIG ਨੂੰ ਗ੍ਰਿਫ਼ਤਾਰ ਕੀਤਾ ਗਿਆ।
CBI ਸਰੋਤਾਂ ਦੇ ਮੁਤਾਬਿਕ ਸਕ੍ਰੈਪ ਵਪਾਰੀ ਨੇ ਜਿਨ੍ਹਾਂ ਅਧਿਕਾਰੀਆਂ ਅਤੇ DIG ਦੇ ਨਾਮ ਲਏ ਸਨ, ਉਨ੍ਹਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸਕ੍ਰੈਪ ਵਪਾਰੀ ਨੇ ਦੱਸਿਆ ਸੀ ਕਿ DIG ਦੀ ਰਿਸ਼ਵਤ ਦੀ ਮੰਗ ਪੂਰੀ ਕਰਨ ਲਈ ਕਈ ਅਧਿਕਾਰੀ ਉਸਨੂੰ ਪਰੇਸ਼ਾਨ ਕਰਨ ਵਿੱਚ ਸ਼ਾਮਿਲ ਸਨ। ਇਸ ਤਰ੍ਹਾਂ ਇਸ ਗੱਲ ਦੀ ਸੰਭਾਵਨਾ ਵੀ ਹੈ ਕਿ ਮੰਥਲੀ ਵਿੱਚ ਇਨ੍ਹਾਂ ਅਧਿਕਾਰੀਆਂ ਦਾ ਵੀ ਹਿੱਸਾ ਹੋ ਸਕਦਾ ਹੈ। ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।