ਚੰਡੀਗੜ੍ਹ, 03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਸਾਲ ਦੇ ਪਹਿਲੀ ਅੱਧ (ਅਪ੍ਰੈਲ-ਸਤੰਬਰ 2025) ਦੌਰਾਨ 13,971 ਕਰੋੜ ਰੁਪਏ ਦਾ ਕੁੱਲ ਜੀਐੱਸਟੀ ਪ੍ਰਾਪਤੀਆਂ ਦਰਜ ਕੀਤੀਆਂ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਪ੍ਰਾਪਤ ਕੀਤੇ ਗਏ 11,418 ਕਰੋੜ ਰੁਪਏ ਦੇ ਮੁਕਾਬਲੇ 22.35 ਫੀਸਦੀ ਦੀ ਮਹੱਤਵਪੂਰਨ ਵਿਕਾਸ ਦਰ ਨੂੰ ਦਰਸਾਉਂਦਾ ਹੈ।

ਚੀਮਾ ਨੇ ਇਕ ਬਿਆਨ ਵਿਚ ਕਿਹਾ ਕਿ ਛੇ ਮਹੀਨਿਆਂ ਵਿਚ ਸੂਬੇ ਨੇ ਜੀਐੱਸਟੀ ਮਾਲੀਏ ਵਿਚ ਕੁੱਲ 2,553 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ। ਇਹ ਅੰਕੜਾ ਲਗਪਗ 6 ਪ੍ਰਤੀਸ਼ਤ ਦੀ ਕੌਮੀ ਜੀਐੱਸਟੀ ਵਿਕਾਸ ਦਰ ਤੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ, ‘ਜੀਐੱਸਟੀ ਤੋਂ ਇਲਾਵਾ ਪੰਜਾਬ ਨੇ ਹੋਰ ਅਸਿੱਧੀਆਂ ਟੈਕਸ ਸ਼੍ਰੇਣੀਆਂ ਵਿਚ ਵੀ ਉਤਸ਼ਾਹਜਨਕ ਨਤੀਜੇ ਪ੍ਰਾਪਤ ਕੀਤੇ ਹਨ। ਵੈਟ ਅਤੇ ਸੀਐੱਸਟੀ ਅਧੀਨ ਪ੍ਰਾਪਤੀਆਂ ਵਿਚ 10 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਪੰਜਾਬ ਰਾਜ ਵਿਕਾਸ ਟੈਕਸ (ਪੀਐੱਸਡੀਟੀ) ਨੇ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਸਤੰਬਰ 2025 ਦੌਰਾਨ 11 ਫੀਸਦੀ ਦਾ ਵਾਧਾ ਦਰਜ ਕੀਤਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਇਕੱਲੇ ਸਤੰਬਰ 2025 ਵਿੱਚ ਰਾਜ ਨੇ 2,140.82 ਕਰੋੜ ਰੁਪਏ ਪ੍ਰਾਪਤ ਕੀਤੇ, ਜੋ ਕਿ ਸਤੰਬਰ 2024 ਵਿੱਚ ਪ੍ਰਾਪਤ ਹੋਏ 1,943 ਕਰੋੜ ਰੁਪਏ ਤੋਂ 197.82 ਕਰੋੜ ਰੁਪਏ ਦਾ ਵਾਧਾ ਅਤੇ 10 ਪ੍ਰਤੀਸ਼ਤ ਦੀ ਵਿਕਾਸ ਦਰ ਦਰਸਾਉਂਦਾ ਹੈ ਜੋ ਪਿਛਲੇ ਸਾਲ ਇਸੇ ਸਮੇਂ ਵਿੱਚ ਦੇਖੇ ਗਏ ਮਾਮੂਲੀ 5 ਪ੍ਰਤੀਸ਼ਤ ਵਾਧੇ ਦੇ ਮੁਕਾਬਲੇ ਵੱਡਾ ਸੁਧਾਰ ਹੈ।

ਮੰਤਰੀ ਨੇ ਕਿਹਾ ਕਿ ਕਰ ਵਿਭਾਗ ਨੇ ਅਪ੍ਰੈਲ ਤੋਂ ਸਤੰਬਰ 2025 ਤੱਕ ਟੈਕਸ ਚੋਰੀ ਵਿਰੁੱਧ ਆਪਣੀਆਂ ਲਾਗੂ ਕਰਨ ਦੀਆਂ ਕਾਰਵਾਈਆਂ ਨੂੰ ਕਾਫ਼ੀ ਤੇਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ 1,162 ਟੈਕਸਦਾਤਾਵਾਂ ਦਰਮਿਆਨ ਹੋਏ 246 ਕਰੋੜ ਰੁਪਏ ਦੇ ਅਯੋਗ ਇਨਪੁੱਟ ਟੈਕਸ ਕ੍ਰੈਡਿਟ (ਆਈਟੀਸੀ) ਨੂੰ ਰੋਕ ਦਿੱਤਾ ਗਿਆ। ਇਸ ਤੋਂ ਇਲਾਵਾ ਧੋਖਾਧੜੀ ਨਾਲ ਸਬੰਧਤ ਨੈੱਟਵਰਕਾਂ ਵਿਰੁੱਧ ਚਾਰ ਵੱਡੀਆਂ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਲੁਧਿਆਣਾ ਵਿੱਚ 500 ਕਰੋੜ ਰੁਪਏ ਅਤੇ ਫਤਿਹਗੜ੍ਹ ਵਿੱਚ 550 ਕਰੋੜ ਰੁਪਏ ਦੇ ਘੁਟਾਲੇ ਸ਼ਾਮਲ ਹਨ। ਉਨ੍ਹਾਂ ਕਿਹਾ, ‘ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟਾਂ (ਐੱਸਆਈਪੀਯੂ) ਵੱਲੋਂ ਸੜਕਾਂ ’ਤੇ ਨਾਕਿਆਂ ਰਾਹੀ ਜਾਂਚ ਅਤੇ ਨਿਰੀਖਣਾਂ ਤੋਂ ਜੁਰਮਾਨੇ ਦੀ ਵਸੂਲੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜੋ ਅਪ੍ਰੈਲ-ਸਤੰਬਰ 2024 ਵਿੱਚ 106.36 ਕਰੋੜ ਰੁਪਏ ਤੋਂ ਵੱਧ ਕੇ ਅਪ੍ਰੈਲ-ਸਤੰਬਰ 2025 ਵਿੱਚ 355.72 ਕਰੋੜ ਰੁਪਏ ਹੋ ਗਈ ਹੈ ਅਤੇ 249.36 ਕਰੋੜ ਰੁਪਏ ਦਾ ਇਹ ਵਾਧਾ ਲਾਗੂ ਕਰਨ-ਅਧਾਰਤ ਵਸੂਲੀ ਵਿੱਚ ਸ਼ਾਨਦਾਰ 134 ਫੀਸਦੀ ਦਾ ਵਾਧਾ ਦਰਸਾਉਂਦਾ ਹੈ।

ਸੰਖੇਪ:
ਆਰਥਿਕ ਔਕੜਾਂ ਦੇ ਬਾਵਜੂਦ ਪੰਜਾਬ ਨੇ ਵਿੱਤੀ ਸਾਲ 2025 ਦੀ ਪਹਿਲੀ ਅੱਧ ਵਿੱਚ 13,971 ਕਰੋੜ ਦੀ ਜੀਐੱਸਟੀ ਪ੍ਰਾਪਤੀ ਕਰਦਿਆਂ 22.35% ਦੀ ਵਾਧੂ ਦਰ ਦਰਜ ਕੀਤੀ, ਜੋ ਕੌਮੀ ਔਸਤ ਤੋਂ ਕਈ ਵਧੀਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।