ਬਠਿੰਡਾ, 12 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਜ਼ਿਲ੍ਹਾ ਬਠਿੰਡਾ ਦੇ ਪਿੰਡ ਜੀਦਾ ‘ਚ ਹੋਏ ਧਮਾਕੇ ਦੇ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਮੋਬਾਈਲ ਫੋਨ ਤੋਂ ਪਾਕਿਸਤਾਨ ਦੇ ਵੱਡੇ ਅੱਤਵਾਦੀਆਂ ਦੇ ਨੰਬਰ ਮਿਲਣ ਕਾਰਨ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧ ਗਈ ਹੈ। ਗੁਰਪ੍ਰੀਤ ਦੇ ਮੋਬਾਈਲ ਤੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਅਹਿਮਦ ਦਾ ਸੰਪਰਕ ਨੰਬਰ ਵੀ ਮਿਲਿਆ ਹੈ। ਇਸ ਕਾਰਨ ਗੁਰਪ੍ਰੀਤ ਦੇ ਆਈਐਸਆਈ ਨਾਲ ਸਿੱਧੇ ਸੰਬੰਧ ਹੋਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਖੁਫੀਆ ਏਜੰਸੀਆਂ ਦੇ ਸਰੋਤਾਂ ਅਨੁਸਾਰ, ਗੁਰਪ੍ਰੀਤ ਸਿੰਘ ਜੰਮੂ-ਕਸ਼ਮੀਰ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਰੇਲ ਯਾਤਰਾ ਲਈ ਟਿਕਟ ਵੀ ਬੁੱਕ ਕਰਵਾਈ ਹੋਈ ਸੀ, ਪਰ ਇਸ ਤੋਂ ਪਹਿਲਾਂ ਹੀ ਪਿੰਡ ‘ਚ ਧਮਾਕਾ ਹੋ ਗਿਆ।

ਫਿਲਹਾਲ, ਧਮਾਕੇ ‘ਚ ਵਰਤੇ ਗਏ ਪਦਾਰਥ ਬਾਰੇ ਪੁਲਿਸ ਨੇ ਕੋਈ ਆਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਆਰਡੀਐਕਸ ਸੀ ਜਾਂ ਕੋਈ ਹੋਰ ਵਿਸਫੋਟਕ ਪਦਾਰਥ, ਇਸ ਦੀ ਜਾਣਕਾਰੀ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਸਬੰਧ ਵਿਚ ਅਜੇ ਤਕ ਕੋਈ ਆਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਪਰ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਖੁਫੀਆ ਏਜੰਸੀਆਂ ਲਗਾਤਾਰ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀਆਂ ਹਨ ਤਾਂ ਜੋ ਉਸ ਦੇ ਪਾਕਿਸਤਾਨੀ ਆਤੰਕੀ ਨੈੱਟਵਰਕ ਨਾਲ ਸੰਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।

ਪਿੰਡ ਵਾਸੀਆਂ ਅਨੁਸਾਰ, ਗੁਰਪ੍ਰੀਤ ਸਿੰਘ ਸੁਭਾਅ ਤੋਂ ਕਾਫੀ ਚੁੱਪ ਰਹਿਣ ਵਾਲਾ ਸੀ। ਉਹ ਨਾ ਤਾਂ ਗਲੀ-ਮੋਹੱਲੇ ਦੇ ਲੋਕਾਂ ਨਾਲ ਜ਼ਿਆਦਾ ਮਿਲਦਾ-ਜੁਲਦਾ ਸੀ ਤੇ ਨਾ ਹੀ ਕਾਲਜ ਜਾਂ ਗੁਆਂਢ ‘ਚ ਉਸ ਦੇ ਨੇੜਲੇ ਦੋਸਤ ਸਨ। ਉਹ ਜ਼ਿਆਦਾਤਰ ਘਰ ‘ਚ ਹੀ ਰਹਿੰਦਾ ਸੀ ਤੇ ਵਾਟਾਂ ਤੋਂ ਦੂਰ ਰਹਿਣਾ ਪਸੰਦ ਕਰਦਾ ਸੀ।

ਬੇਸ਼ੱਕ, ਇਨ੍ਹਾਂ ਧਮਾਕਿਆਂ ‘ਚ ਜ਼ਖਮੀ ਪਿਤਾ-ਪੁੱਤਰ ਹਾਲੇ ਵੀ ਇਲਾਜ ਕਰਵਾ ਰਹੇ ਹਨ ਤੇ ਪੁਲਿਸ ਨੇ ਅਜੇ ਤਕ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕੀਤੀ ਹੈ ਪਰ ਜ਼ਖਮੀ 19 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੇ ਮੋਬਾਈਲ ਫੋਨ ਦੀ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਹ ਪਾਕਿਸਤਾਨ ਨਾਲ ਜੁੜੇ ਪ੍ਰਸਿੱਧ ਅੱਤਵਾਦੀਆਂ ਦਾ ਵੱਡਾ ਪ੍ਰਸ਼ੰਸਕ ਸੀ। ਉਹ ਦੁਨੀਆ ਦੇ ਮੋਸਟ ਵਾਂਟੇਡ ਆਤੰਕੀ ਮੌਲਾਨਾ ਮਸੂਦ ਅਜ਼ਹਰ ਅਤੇ ਹੋਰਾਂ ਦੇ ਵੀਡੀਓਜ਼ ਦੇਖਦਾ ਸੀ ਅਤੇ ਉਸ ਦੀ ਸੋਚ ਉਨ੍ਹਾਂ ਤੋਂ ਪ੍ਰਭਾਵਿਤ ਸੀ। ਨੌਜਵਾਨ ਦੇ ਸੋਸ਼ਲ ਮੀਡੀਆ ‘ਤੇ ਇਹ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਲ-ਨਾਲ ਕੇਂਦਰੀ ਏਜੰਸੀਆਂ ਦੇ ਵੀ ਕੰਨ ਖੜੇ ਹੋ ਗਏ ਹਨ। ਜਿਸ ਤੋਂ ਬਾਅਦ ਭਾਰਤੀ ਫੌਜ ਦੀ ਖੁਫੀਆ ਏਜੰਸੀ, ਖੇਤਰ ਦੀ ਕੇਂਦਰੀ ਏਜੰਸੀਆਂ ਆਈਬੀ ਅਤੇ ਐਨਆਈਏ ਵੀ ਜਲਦੀ ਹੀ ਇਸ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋ ਸਕਦੀਆਂ ਹਨ।

ਹੁਣ ਤਕ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਦੇਖ ਕੇ ਵਿਸਫੋਟਕ ਸਮੱਗਰੀ ਆਨਲਾਈਨ ਆਰਡਰ ਕੀਤੀ ਸੀ। ਜਿਸ ਤੋਂ ਬਾਅਦ ਉਹ ਬੁੱਧਵਾਰ ਨੂੰ ਘਰ ਬੈਠੇ ਹੀ ਉਸ ਨੂੰ ਅਸੈਂਬਲ ਕਰ ਰਿਹਾ ਸੀ, ਪਰ ਇਸ ਦੌਰਾਨ ਇਕ ਵਿਸਫੋਟ ਹੋ ਗਿਆ, ਜਿਸ ਨਾਲ ਉਸ ਦੇ ਹੱਥ, ਚਿਹਰਾ ਅਤੇ ਸਰੀਰ ਦੇ ਕੁਝ ਹੋਰ ਹਿੱਸੇ ਵੀ ਝਲਸ ਗਏ। ਇਸ ਤੋਂ ਬਾਅਦ ਉਸ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ, ਦੁਪਹਿਰ ‘ਚ ਜਦੋਂ ਉਸ ਦੇ ਪਿਤਾ ਜਗਤਾਰ ਸਿੰਘ ਆਪਣੇ ਪੁੱਤਰ ਨੂੰ ਹਸਪਤਾਲ ਛੱਡਣ ਤੋਂ ਬਾਅਦ ਘਰ ‘ਚ ਵਿਸਫੋਟਕ ਸਮੱਗਰੀ ਇਕੱਠੀ ਕਰ ਰਿਹਾ ਸੀ ਤਾਂ ਪਹਿਲਾਂ ਤੋਂ ਵੀ ਵੱਡਾ ਵਿਸਫੋਟ ਹੋ ਗਿਆ। ਜਿਸ ਵਿਚ ਉਹ ਵੀ ਬੁਰੇ ਤਰੀਕੇ ਨਾਲ ਝੁਲਸ ਗਏ। ਉਨ੍ਹਾਂ ਦਾ ਵੀ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਦੋਹਾਂ ਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਦੋ-ਤਿੰਨ ਦਿਨ ਤੱਕ ਉਨ੍ਹਾਂ ਨਾਲ ਪੁੱਛਗਿੱਛ ਦੀ ਸੰਭਾਵਨਾ ਘੱਟ ਹੈ।

ਗੁਰਪ੍ਰੀਤ ਨੇ ਜੰਮੂ ਜਾਣ ਲਈ ਟ੍ਰੇਨ ਦੀ ਟਿਕਟ ਬੁੱਕ ਕੀਤੀ ਸੀ ਜਿਸ ਨਾਲ ਪੁਲਿਸ ਲਈ ਇਹ ਰਹੱਸ ਬਣ ਗਿਆ ਹੈ ਕਿ ਉਹ ਜੰਮੂ ਦੇ ਕਠੂਆ ‘ਚ ਕੀ ਲੈਣ ਜਾ ਰਿਹਾ ਸੀ। ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਕਿਸੇ ਦੇਸ਼ ਵਿਰੋਧੀ ਏਜੰਸੀ ਜਾਂ ਸੰਗਠਨ ਦੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸੰਪਰਕ ਵਿਚ ਆਇਆ ਸੀ ਅਤੇ ਸ਼ਾਇਦ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਉਸ ਨੇ ਇਹ ਸਮੱਗਰੀ ਮੰਗਵਾਈ ਸੀ। ਫਿਲਹਾਲ, ਮਾਮਲੇ ਦੀ ਜਾਂਚ ਜਾਰੀ ਹੈ।

ਸੰਖੇਪ:
ਗੁਰਪ੍ਰੀਤ ਸਿੰਘ ਦੇ ਮੋਬਾਈਲ ਤੋਂ ਮਿਲੇ ਪਾਕ ਅੱਤਵਾਦੀਆਂ ਦੇ ਨੰਬਰ, ਵੀਡੀਓਜ਼ ਅਤੇ ਆਰਡੀਐਕਸ ਵਰਗੀ ਸਮੱਗਰੀ ਨਾਲ ਉਸਦੇ ISI ਨਾਲ ਸੰਭਾਵਿਤ ਸੰਬੰਧਾਂ ਦੀ ਜਾਂਚ ਖੁਫੀਆ ਏਜੰਸੀਆਂ ਵੱਲੋਂ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।