ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ
ਵਿਧਾਇਕ ਗੁਰਦਿੱਤ ਸੇਖੋਂ ਵੱਲੋਂ 422.70 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ
ਸ਼ਹਿਰ ਵਾਸੀਆਂ ਨੂੰ ਆਵਾਜਾਈ ਲਈ ਮਿਲਣਗੀਆਂ ਬਿਹਤਰ ਸਹੂਲਤਾਂ-ਗੁਰਦਿੱਤ ਸਿੰਘ ਸੇਖੋਂ
ਫਰੀਦਕੋਟ 5 ਸਤੰਬਰ,
ਫਰੀਦਕੋਟ ਸ਼ਹਿਰ ਦੇ ਵਿਕਾਸ ਨੂੰ ਹੋਰ ਤੇਜ਼ ਰਫ਼ਤਾਰ ਦੇਣ ਲਈ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਅੱਜ ਕੁੱਲ 422.70 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ 303.01 ਲੱਖ ਰੁਪਏ ਦੀ ਲਾਗਤ ਨਾਲ ਜਹਾਜ਼ ਗਰਾਊਂਡ ਰੋਡ ਟੀ.ਸੀ.ਪੀ. ਗੇਟ-3 ਤੋਂ ਸੈਦੂ ਸ਼ਾਹ ਚੌਂਕ ਤੱਕ ਦਾ ਨੀਂਹ ਪੱਥਰ ਸੈਦੂ ਸ਼ਾਹ ਚੌਂਕ ਵਿੱਚ ਰੱਖਿਆ, ਜਦਕਿ 61.35 ਲੱਖ ਰੁਪਏ ਦੀ ਲਾਗਤ ਨਾਲ ਓਲਡ ਕੈਂਟ ਰੋਡ ਡੌਲਫਿਨ ਚੌਂਕ ਤੋਂ ਤਾਰਾ ਪੈਲੇਸ ਤੱਕ ਸੜਕ ਦਾ ਨੀਂਹ ਪੱਥਰ ਤਾਰਾ ਪੈਲੇਸ ਨੇੜੇ ਰੱਖਿਆ । ਇਸ ਦੇ ਨਾਲ ਹੀ 14.25 ਲੱਖ ਰੁਪਏ ਦੀ ਲਾਗਤ ਨਾਲ ਪੁਰਾਣੀ ਦਾਣਾ ਮੰਡੀ ਤੋਂ ਜੁਬਲੀ ਸਿਨੇਮਾ ਚੌਂਕ ਤੱਕ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਉਨ੍ਹਾਂ 44.09 ਲੱਖ ਰੁਪਏ ਦੀ ਲਾਗਤ ਨਾਲ ਤਲਵੰਡੀ ਰੋਡ ਡੈਂਟਲ ਕਾਲਜ ਤੋਂ ਗਰੀਨ ਐਵੀਨਿਊ ਤੱਕ ਇੰਟਰਲਾਕਿੰਗ ਟਾਈਲਾਂ ਦਾ ਨੀਂਹ ਪੱਥਰ ਵੀ ਡੈਂਟਲ ਕਾਲਜ ਨੇੜੇ ਰੱਖਿਆ ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਿਕਾਸ ਯੋਜਨਾਵਾਂ ‘ਤੇ ਲਗਾਤਾਰ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੜਕਾਂ ਬਣਨ ਨਾਲ ਨਾ ਕੇਵਲ ਸ਼ਹਿਰ ਦੇ ਟ੍ਰੈਫ਼ਿਕ ਪ੍ਰਬੰਧ ਵਿੱਚ ਸੁਧਾਰ ਆਏਗਾ, ਸਗੋਂ ਲੋਕਾਂ ਨੂੰ ਆਵਾਜਾਈ ਦੀ ਵਧੀਆ ਸੁਵਿਧਾ ਵੀ ਪ੍ਰਾਪਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਵਧੀਆ ਸੜਕਾਂ ਕਿਸੇ ਵੀ ਸ਼ਹਿਰ ਦੀ ਖੂਬਸੂਰਤੀ ਅਤੇ ਵਿਕਾਸ ਦੀ ਪਹਚਾਣ ਹੁੰਦੀਆਂ ਹਨ ਅਤੇ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਜੋੜਨਾ ਹੈ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਵਿਕਾਸ ਯੋਜਨਾਵਾਂ ਨੂੰ ਮੌਕੇ ਤੇ ਲਾਗੂ ਕਰ ਰਹੀ ਹੈ ਅਤੇ ਇਸ ਵਿਚ ਕਿਸੇ ਵੀ ਕਿਸਮ ਦੀ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਫਰੀਦਕੋਟ ਨੂੰ ਸੁੰਦਰ, ਸਾਫ਼-ਸੁਥਰਾ ਅਤੇ ਆਧੁਨਿਕ ਸ਼ਹਿਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਵਿੱਚ ਸਰਕਾਰ ਦਾ ਸਾਥ ਦੇਣ ਅਤੇ ਸ਼ਹਿਰ ਦੀ ਸੰਭਾਲ ਵਿੱਚ ਆਪਣੀ ਭੂਮਿਕਾ ਨਿਭਾਉਣ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ. ਅਮਨਦੀਪ ਸਿੰਘ ਬਾਬਾ, ਜਗਤਾਰ ਨੰਗਲ, ਪ੍ਰੀਤਮ ਭਾਣਾ, ਰਿੰਕੂ ਸਮਾਧਾ ਵਾਲਾ, ਕਮਲਜੀਤ ਐਮ.ਸੀ., ਵਿਜੇ ਛਾਬੜਾ, ਰਾਜਦੀਪ ਸਰਪੰਚ ਮਹਿਮੂਆਣਾ, ਬੱਬੂ ਸਰਪੰਚ ਮਚਾਕੀ ਤੋਂ ਇਲਾਵਾ ਹੋਰ ਹਾਜ਼ਰ ਸਨ।