29 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ
ਸੂਬਾ ਸਰਕਾਰ ਦੇ ਹੈਲੀਕਾਪਟਰ ਵੱਲੋਂ ਅੱਜ ਤੀਜੇ ਦਿਨ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਜਾਰੀ
ਮਕੌੜਾ, ਕਲਾਨੌਰ ਤੇ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚਾਈ ਰਾਹਤ ਸਮਗਰੀ
ਹੜ੍ਹਾਂ ਵਿੱਚ ਫਸੇ ਲੋਕਾਂ ਲਈ ਵਰਦਾਨ ਸਾਬਤ ਹੋਇਆ ਪੰਜਾਬ ਸਰਕਾਰ ਦਾ ਹੈਲੀਕਾਪਟਰ – ਚੇਅਰਮੈਨ ਰਜੀਵ ਸ਼ਰਮਾ
ਗੁਰਦਾਸਪੁਰ, 29 ਅਗਸਤ (ਪੰਜਾਬੀ ਖਬਰਨਾਮਾ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਨਵਤਾ ਪੱਖੀ ਪਹੁੰਚ ਅਪਣਾਉਂਦੇ ਹੋਏ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਪਰਿਵਾਰਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਅਤੇ ਲੋਕਾਂ ਦੀ ਸਹਾਇਤਾ ਲਈ ਤਾਇਨਾਤ ਕੀਤੇ ਸੂਬਾ ਸਰਕਾਰ ਦੇ ਹੈਲੀਕਾਪਟਰ ਵੱਲੋਂ ਅੱਜ ਤੀਜੇ ਦਿਨ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਹਨ।
ਪੰਜਾਬ ਸਰਕਾਰ ਦੇ ਹੈਲੀਕਾਪਟਰ ਵੱਲੋਂ ਅੱਜ ਫਿਰ ਡੇਰਾ ਬਾਬਾ ਨਾਨਕ ਹਲਕੇ ਦੇ ਹੜ੍ਹ ਦੇ ਪਾਣੀ ਵਿੱਚ ਘਿਰੇ ਪਿੰਡ ਹਰੂਵਾਲ, ਪੱਖੋਕੇ, ਸਾਧਾਂਵਾਲੀ, ਮਾਨ, ਮਛਰਾਲਾ, ਕਾਲ਼ਾਂਵਾਲੀ, ਸਮਰਾਏ, ਖਲੀਲਪੁਰ, ਖੁਸ਼ਹਾਲਪੁਰ, ਜੌੜੀਆਂ ਕਲਾਂ, ਜੌੜੀਆਂ ਖੁਰਦ, ਮੋਹਲ ਨੰਗਲ, ਕੋਠਾ, ਅਬਦਾਲ, ਰੱਤਾ, ਵੈਰੋਕੇ, ਠੇਠਰਕੇ, ਖੋਦੇ ਬੇਟ, ਮੰਗੀਆਂ, ਧਰਮਕੋਟ ਰੰਧਾਵਾ, ਮਾਨਸੁਰ, ਤਲਵੰਡੀ ਹਿੰਦੂਆਂ, ਸਹਿਜ਼ਾਦਾ, ਘਣੀਏ-ਕੇ-ਬੇਟ, ਧਰਮਕੋਟ ਪੱਤਣ, ਗੁਰਚੱਕ, ਡਾਲਾ, ਗੋਲਾ-ਢੋਲਾ, ਰੱਤੜ-ਛੱਤੜ, ਪੰਨਵਾਂ, ਧਰਮਾਬਾਦ, ਸਿੰਘਪੁਰਾ, ਬਹਿਲੋਪੁਰ, ਘੁੰਮਣ, ਚਾਕਾਂਵਾਲੀ, ਤਲਵੰਡੀ ਗੁਰਾਇਆ, ਚੌੜਾ ਅਤੇ ਖੁਸ਼ਹਾਲਪੁਰ ਦੇ ਵਸਨੀਕਾਂ ਤੱਕ ਰਾਹਤ ਸਮਗਰੀ ਪਹੁੰਚਾਈ।
ਇਸ ਦੇ ਨਾਲ ਹੀ ਹੈਲੀਕਾਪਟਰ ਵੱਲੋਂ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਹੜ੍ਹ ਵਿੱਚ ਘਿਰੇ ਪਿੰਡ ਮਕੌੜਾ, ਨਵੀਂ ਅਬਾਦੀ ਚੰਡੀਗੜ੍ਹ, ਮਰਾੜਾ, ਝਬਕਰਾ, ਚਿੱਠੀ, ਜੋਗਰ, ਸ਼ਮਸ਼ੇਰਪੁਰ, ਕਾਹਨਾ, ਜੈਨਪੁਰ, ਬਾਹਮਣੀ, ਦਬੁਰਜੀ, ਸ਼ਾਹਪੁਰ ਅਫ਼ਗਾਨਾ, ਦੁਗਰੀ, ਆਦੀ, ਇਸਲਾਮਪੁਰ, ਮਲੂਕ ਚੱਕ, ਠੁੰਡੀ, ਬਾਊਪੁਰ ਅਫ਼ਗਾਨਾ, ਸੰਗੋਰ, ਚਕਰੀ, ਸਲਾਚ, ਠੱਠੀ, ਓਗਰਾ, ਜੱਗੋ ਚੱਕ ਟਾਂਡਾ, ਚੱਕ ਰਾਜਾ, ਗਾਹਲੜੀ, ਸੰਦਲਪੁਰ, ਠਾਕੁਰਪੁਰ, ਜੀਵਨਪੁਰ ਅਤੇ ਕਜਲੇ ਵਿੱਚ ਵੀ ਰਾਹਤ ਸਮਗਰੀ ਪਹੁੰਚਾਈ ਗਈ।
ਹੜ੍ਹ ਪ੍ਰਭਾਵਿਤ ਖੇਤਰ ਵਿੱਚ ਹੈਲੀਕਾਪਟਰ ਰਾਹੀਂ ਰਾਹਤ ਸਮਗਰੀ ਪਹੁੰਚਾਉਣ ਮੌਕੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਹੈਲੀਕਾਪਟਰ ਹੜ੍ਹਾਂ ਵਿੱਚ ਫਸੇ ਲੋਕਾਂ ਲਈ ਵੱਡੀ ਰਾਹਤ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਈ ਪਿੰਡ ਰਾਵੀ ਤੋਂ ਵੀ ਪਾਰ ਹਨ ਜਿਨ੍ਹਾਂ ਦਾ ਸੰਪਰਕ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ ਅਤੇ ਓਥੇ ਤੱਕ ਕੇਵਲ ਹੈਲੀਕਾਪਟਰ ਰਾਹੀਂ ਹੀ ਪਹੁੰਚ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਕਈ ਘਰ ਖੇਤਾਂ ਵਿੱਚ ਵੀ ਹਨ ਜੋ ਕਿ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਅਜਿਹੇ ਲੋਕਾਂ ਤੱਕ ਰਾਹਤ ਪਹੁੰਚਾਉਣ ਵਿੱਚ ਪੰਜਾਬ ਸਰਕਾਰ ਦਾ ਹੈਲੀਕਾਪਟਰ ਵਰਦਾਨ ਸਾਬਤ ਹੋਇਆ ਹੈ। ਉਨ੍ਹਾਂ ਇਨਸਾਨੀਅਤ ਪੱਖੀ ਇਸ ਫੈਸਲੇ ਲਈ ਸ. ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ।