ਅੰਮ੍ਰਿਤਸਰ, 27 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਨਵ ਨਿਯੁਕਤ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਮੰਗਲਵਾਰ ਸਵੇਰੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਤੇ ਹਾਜ਼ਰੀ ਦੀ ਜਾਂਚ ਕੀਤੀ। ਇਸ ਦੌਰਾਨ ਇਕ ਦਿਨ ਪਹਿਲਾਂ ਰਜਿਸਟਰ ‘ਤੇ ਆਪਣੀ ਹਾਜ਼ਰੀ ਲਗਾਉਣ ਤੋਂ ਬਾਅਦ ਗੈਰ-ਹਾਜ਼ਰ ਪਾਏ ਗਏ 4 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਹ ਸਾਰੇ ਪ੍ਰਾਪਰਟੀ ਟੈਕਸ ਵਿਭਾਗ ‘ਚ ਤਾਇਨਾਤ ਹਨ। ਇਸ ਤੋਂ ਇਲਾਵਾ ਕਈ ਵਿਭਾਗੀ ਮੁਖੀ, ਸਟਾਫ ਕਲਰਕ ਅਤੇ ਹੋਰ ਸਟਾਫ ਗੈਰ-ਹਾਜ਼ਰ ਪਾਇਆ ਗਿਆ। ਬਾਅਦ ਦੁਪਹਿਰ 3 ਵਜੇ ਨਿਗਮ ਕਮਿਸ਼ਨਰ ਨੇ ਸਾਰੇ ਵਿਭਾਗੀ ਮੁਖੀਆਂ ਅਤੇ ਡਿਪਟੀ ਮੁਖੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਅੰਤਿਮ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅਧਿਕਾਰੀ ਤੇ ਮੁਲਾਜ਼ਮਾਂ ਡਿਊਟੀ ਸਮੇਂ ਦੌਰਾਨ ਆਪਣੀਆਂ ਸੀਟਾਂ ‘ਤੇ ਬੈਠਣ। ਤਾਂ ਜੋ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਭਵਿੱਖ ਵਿੱਚ ਕੋਈ ਅਧਿਕਾਰੀ ਜਾਂ ਮੁਲਜ਼ਮ ਡਿਊਟੀ ਸਮੇਂ ਦੌਰਾਨ ਆਪਣੀ ਸੀਟ ਤੋਂ ਗੈਰ-ਹਾਜ਼ਰ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਇਨ੍ਹਾਂ ਮੁਲਾਜ਼ਮਾਂ ਨੂੰ ਕੀਤਾ ਗਿਆ ਮੁਅੱਤਲ
ਕਾਰਪੋਰੇਸ਼ਨ ਕਮਿਸ਼ਨਰ ਨੇ ਸੈਨੇਟਰੀ ਸੁਪਰਵਾਈਜ਼ਰ ਮਨਦੀਪ ਸਿੰਘ, ਟਿਊਬਵੈੱਲ ਡਰਾਈਵਰ ਸਰਬਜੀਤ ਸਿੰਘ ਅਤੇ ਮਨੀਸ਼ ਕੁਮਾਰ ਅਤੇ ਸੇਵਾਦਾਰ ਕੁਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਪ੍ਰਾਪਰਟੀ ਟੈਕਸ ਵਿਭਾਗ ਦੇ ਇਨ੍ਹਾਂ ਮੁਲਾਜ਼ਮਾਂ ਨੇ ਸੋਮਵਾਰ ਨੂੰ ਹੀ ਆਪਣੀ ਮੰਗਲਵਾਰ ਦੀ ਹਾਜ਼ਰੀ ਪਹਿਲਾਂ ਤੋਂ ਹੀ ਦਰਜ ਕਰਵਾਈ ਸੀ ਅਤੇ ਚੈਕਿੰਗ ਦੌਰਾਨ ਗੈਰਹਾਜ਼ਰ ਪਾਏ ਗਏ। ਮੁਅੱਤਲੀ ਦੌਰਾਨ, ਇਨ੍ਹਾਂ ਕਰਮਚਾਰੀਆਂ ਨੂੰ ਨਿਗਮ ਕਮਿਸ਼ਨਰ ਦਫ਼ਤਰ ਵਿੱਚ ਰੋਜ਼ਾਨਾ ਆਪਣੀ ਹਾਜ਼ਰੀ ਦਰਜ ਕਰਵਾਉਣੀ ਪਵੇਗੀ। ਇਸ ਦੇ ਨਾਲ ਹੀ ਸਹਾਇਕ ਕਮਿਸ਼ਨਰ ਨੂੰ ਇਨ੍ਹਾਂ ਕਰਮਚਾਰੀਆਂ ਵਿਰੁੱਧ ਚਾਰਜਸ਼ੀਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ
ਇਹ ਅਧਿਕਾਰੀ ਤੇ ਮੁਲਾਜ਼ਮ ਗੈਰ-ਹਾਜ਼ਰ ਪਾਏ ਗਏ
ਕਾਰਪੋਰੇਸ਼ਨ ਕਮਿਸ਼ਨਰ, ਐਕਸੀਅਨ ਸਿਵਲ, ਓ ਐਂਡ ਐਮ ਸਟਾਫ, ਐਕਸੀਅਨ (ਬਿਜਲੀ) ਸਟਾਫ, ਸਿਹਤ ਅਧਿਕਾਰੀ, ਪ੍ਰਾਪਰਟੀ ਟੈਕਸ ਦੇ ਸਾਰੇ ਸੁਪਰਡੈਂਟ, ਸੁਪਰਡੈਂਟ ਪੀਐੱਮਏਵਾਈ ਸਕੀਮ, ਸੁਪਰਡੈਂਟ ਨਿਊਲਮ, ਸੀਐੱਫਸੀ ਇੰਚਾਰਜ, ਸਟਾਫ ਕਲਰਕਾਂ ਤੋਂ ਇਲਾਵਾ ਜ਼ਿਆਦਾਤਰ ਸਟਾਫ ਆਪਣੀਆਂ ਸੀਟਾਂ ਤੋਂ ਗਾਇਬ ਪਾਇਆ ਗਿਆ। ਇਸ ਤੋਂ ਬਾਅਦ, ਦੁਪਹਿਰ ਨੂੰ, ਨਿਗਮ ਕਮਿਸ਼ਨਰ ਨੇ ਸਾਰੇ ਗੈਰਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਪੱਸ਼ਟੀਕਰਨ ਦੇਣ ਲਈ ਆਪਣੇ ਦਫ਼ਤਰ ਬੁਲਾਇਆ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ।