26 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਅੰਦਰ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਸਾਂਝੇ ਉਪਰਾਲੇ ਕਰਦੇ ਹੋਏ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਵੱਡਾ ਹਿੱਸਾ ਹੜ੍ਹ ਤੋ ਪ੍ਰਭਾਵਿਤ ਹੋ ਚੁੱਕਾ ਹੈ। ਇਹਨਾ ਇਲਾਕਿਆਂ ਵਿੱਚ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ।ਪੰਜਾਬ ਕੁਦਰਤੀ ਕ੍ਰੋਪੀ ਦਾ ਸਾਹਮਣਾ ਕਰ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕੁਦਰਤੀ ਆਫ਼ਤ ਪ੍ਰਬੰਧਨ ਹੇਠ ਦਿੱਤੇ ਜਾਣ ਵਾਲੇ ਫੰਡ ਨੂੰ ਤੁਰੰਤ ਰਿਲੀਜ਼ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿਹਾ ਕਿ ਪੰਜਾਬ ਨੂੰ ਬੇਗਾਨਗੀ ਦੀ ਨਜ਼ਰ ਨਾਲ ਨਾ ਵੇਖਿਆ ਜਾਵੇ। ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਓਹਨਾ ਕਿਹਾ ਕਿ ਅੱਜ ਪੰਜਾਬ ਹੜ੍ਹ ਤੋ ਪ੍ਰਭਾਵਿਤ ਹੋ ਕੇ ਗਹਿਰੇ ਸੰਕਟ ਵਿੱਚੋ ਗੁਜਰ ਰਿਹਾ ਹੈ। ਇਸ ਸੰਕਟ ਵਿੱਚੋ ਪੰਜਾਬ ਨੂੰ ਕੱਢਣ ਲਈ ਕੇਂਦਰ ਸਰਕਾਰ ਤੁਰੰਤ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਦੇ ਹੋਏ, ਪ੍ਰਭਾਵਿਤ ਇਲਾਕਿਆਂ ਲਈ ਬਿਨਾ ਦੇਰੀ ਕੀਤੇ ਵਿੱਤੀ ਮੱਦਦ ਦਾ ਐਲਾਨ ਕਰੇ।
ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿੱਥੇ ਇਹਨਾਂ ਪ੍ਰਭਾਵਿਤ ਇਲਾਕਿਆਂ ਲਈ ਵਿੱਤੀ ਮੱਦਦ ਦੀ ਮੰਗ ਕੀਤੀ ਉਥੇ ਹੀ ਕਿਹਾ ਕਿ, ਸਿਰਫ ਸਰਕਾਰੀ ਬਿਆਨਬਾਜੀ ਨਾਲ ਕੰਮ ਸਰਨ ਵਾਲਾ ਨਹੀਂ ਹੈ। ਇਹਨਾ ਇਲਾਕਿਆਂ ਵਿੱਚ ਹਾਲਾਤ ਬਦ ਤੋ ਬਦਤਰ ਹੋ ਚੁੱਕੇ ਹਨ। ਹੜ੍ਹਾਂ ਦੀ ਮਾਰ ਨੇ ਆਰਥਿਕ ਤੌਰ ਤੇ ਵੱਡੀ ਸੱਟ ਮਾਰੀ ਹੈ। ਇਸ ਲਈ ਮੁੱਖ ਮੰਤਰੀ ਪੰਜਾਬ ਨਾਟਕੀ ਅੰਦਾਜ ਦੀ ਬਜਾਏ ਸੁਹਿਰਦਤਾ ਦਿਖਾਉਣ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੰਚ ਤੋਂ ਸਿਰਫ ਮੁਆਵਜੇ ਦੇ ਐਲਾਨ ਕਰਨ ਨਾਲ ਕੁੱਝ ਨਹੀਂ ਬਣਨਾ,ਯਕੀਨੀ ਬਣਾਇਆ ਜਾਵੇ ਕਿ ਇਹਨਾਂ ਪ੍ਰਭਾਵਿਤ ਇਲਾਕਿਆਂ ਵਿੱਚ ਹੋਏ ਮਾਲੀ ਨੁਕਸਾਨ ਦੀ ਭਰਪਾਈ ਪੂਰੇ ਰੂਪ ਵਿੱਚ ਹੋਵੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹਰ ਸਾਲ ਦੀ ਤਰਾਂ ਝੱਲਣੀ ਪੈਂਦੀ ਹੈ। ਪਿਛਲੇ ਤਿੰਨ ਦਹਾਕਿਆਂ ਤੋ ਵੱਡਾ ਨੁਕਸਾਨ ਹੜ੍ਹਾਂ ਦੇ ਚਲਦੇ ਹੋ ਚੁੱਕਾ ਹੈ। ਇਹਨਾਂ ਤਿੰਨ ਦਹਾਕਿਆਂ ਦੌਰਾਨ ਕਿਸੇ ਵੀ ਸਰਕਾਰ ਨੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਠੋਸ ਕਦਮ ਨਹੀਂ ਉਠਾਏ। ਕੰਢੀ ਖੇਤਰ ਤੋਂ ਲੈਕੇ ਦਰਿਆ ਨਾਲ ਲੱਗਦੇ ਇਲਾਕੇ ਅਤੇ ਸਰਹੱਦੀ ਇਲਾਕਿਆਂ ਦੇ ਹੁੰਦੇ ਨੁਕਸਾਨ ਲਈ ਸਰਕਾਰਾਂ ਨੇ ਅੱਖਾਂ ਬੰਦ ਰੱਖੀਆਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਜਿੱਥੇ ਪ੍ਰਭਾਵਿਤ ਇਲਾਕਿਆਂ ਲਈ ਮਦਦ ਦੀ ਲੋੜ ਹੈ, ਉਥੇ ਹੀ ਇਹਨਾਂ ਇਲਾਕਿਆਂ ਨੂੰ ਫੇਰ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ,ਇਸ ਲਈ ਇਸ ਦੇ ਪੱਕੇ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾਵੇ।
ਪੰਜਾਬ ਦੇ ਇਸ ਨਾਜ਼ੁਕ ਸਥਿਤੀ ਨੂੰ ਵੇਖਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਵੱਲੋ ਸ਼੍ਰੋਮਣੀ ਅਕਾਲੀ ਦਲ ਦੇ ਬਤੌਰ ਪ੍ਰਧਾਨ ਚੁਣੇ ਜਾਣ ਤੇ ਰੱਖੇ ਗਏ ਸਾਰੇ ਹੀ ਸਨਮਾਨ ਸਮਾਗਮ ਰੱਦ ਕੀਤੇ ਗਏ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਅਕਾਲੀ ਵਰਕਰਾਂ ਅਤੇ ਆਗੂ ਸਾਹਿਬਾਨ ਨੂੰ ਅਪੀਲ ਵੀ ਕੀਤੀ ਕਿ ਓਹ ਇਸ ਮੁਸ਼ਕਿਲ ਹਾਲਤਾਂ ਵਿੱਚ ਪ੍ਰਭਾਵਿਤ ਇਲਾਕਿਆਂ ਲਈ ਫੌਰੀ ਰਾਹਤ ਭੇਜਣ । ਆਮ ਜੀਵਨ ਲਈ ਜਰੂਰੀ ਵਸਤਾਂ ਦੇ ਸੇਵਾ ਦੇ ਨਾਲ ਨਾਲ ਪਸ਼ੂ ਧਨ ਲਈ ਚਾਰੇ ਦਾ ਪ੍ਰਬੰਧਨ ਕਰਨ ਲਈ ਟੀਮਾਂ ਦੇ ਰੂਪ ਵਿੱਚ ਜੁਟ ਜਾਣ।