ਪਟਿਆਲਾ, 20 ਫਰਵਰੀ (ਪੰਜਾਬੀ ਖ਼ਬਰਨਾਮਾ)
ਡਾ. (ਪ੍ਰੋ) ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰਹਿਨੁਮਾਈ ਹੇਠ ਅਤੇ ਮੁਖੀ ਵਿਭਾਗ ਈ.ਸੀ.ਈ ਡਾ. ਰਣਜੀਤ ਕੌਰ ਦੀ ਯੋਗ ਅਗਵਾਈ ਹੇਠ ਸਕਿੱਲ ਡਿਵੈਲਪਮੈਂਟ ਕਲੱਬ ਈ.ਸੀ.ਈ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਵਿੱਚ ਵਿਦਿਆਰਥੀਆਂ ਦੇ ਦੋ ਭਾਗਾਂ ਵਿੱਚ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚੋਂ ਪਹਿਲੇ ਭਾਗ ਵਿੱਚ ਵਿਦਿਆਰਥੀਆਂ ਦੇ ਸੁੰਦਰ ਲੇਖਣ (ਕੈਲੀਗ੍ਰਾਫੀ) ਅਤੇ ਚਿੱਤਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਵਿਭਾਗ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਮੁਕਾਬਲਿਆਂ ਦੀ ਲੜੀ ਦੇ ਦੂਜੇ ਭਾਗ ਵਜੋਂ ਸਕਿੱਲ ਡਿਵੈਲਪਮੈਂਟ ਕਲੱਬ ਵੱਲੋਂ ਜਾਰੀ ਕੀਤੀ ਲੜੀ ਪੰਜਾਬੀ ਭਾਸ਼ਾ ਵਿੱਚ ਇਲੈਕਟ੍ਰੌਨਿਕਸ ਦਾ ਗਿਆਨ ਵਿੱਚ ਪਹਿਲਾ ਭਾਗ “ਐਨਾਲਗ/ਡਿਜੀਟਲ ਕਮਿਊਨੀਕੇਸ਼ਨ” ਸਿਰਲੇਖ ਦੇ ਆਧਾਰ ਤੇ ਵੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ।
ਸਮਾਗਮ ਦੇ ਅਰੰਭ ਵਿੱਚ ਸਕਿੱਲ ਡਿਵੈਲਪਮੈਂਟ ਕਲੱਬ ਦੇ ਪ੍ਰਧਾਨ ਡਾ. ਰਮਨਦੀਪ ਕੌਰ ਸਹਾਇਕ ਪ੍ਰੋਫੈਸਰ ਈ.ਸੀ.ਈ ਵਿਭਾਗ ਨੇ ਸ਼ਾਮਿਲ ਹਸਤੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਸਕਿੱਲ ਡਿਵੈਲਪਮੈਂਟ ਕਲੱਬ ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ।
ਇਸ ਮੌਕੇ ਸੰਬੋਧਨ ਕਰਦੇ ਹੋਏ ਡੀਨ ਰਿਸਰਚ ਡਾ. ਮਨਜੀਤ ਸਿੰਘ ਪਾਤਰ ਨੇ ਸਕਿੱਲ ਡਿਵੈਲਪਮੈਂਟ ਕਲੱਬ ਦੀ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਡੀਨ ਫੈਕਲਟੀ ਆਫ ਇੰਜੀਨੀਰਿੰਗ ਅਤੇ ਟੇਕਨਾਲੋਜੀ ਡਾ. ਗੁਰਮੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਪੰਜਾਬੀ ਭਾਸ਼ਾ ਦੇ ਪਿਛੋਕੜ ਅਤੇ ਮਾਂ ਬੋਲੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਵਿਦਿਆਰਥੀਆਂ ਨੂੰ ਮਾਂ ਬੋਲੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਵਿਭਾਗ ਦੇ ਮੁਖੀ ਡਾ. ਰਣਜੀਤ ਕੌਰ ਜੀ ਨੇ ਡਾ. ਮਨਜੀਤ ਸਿੰਘ ਪਾਤਰ ਅਤੇ ਡਾ. ਗੁਰਮੀਤ ਕੌਰ ਦਾ ਸਵਾਗਤ ਅਤੇ ਧੰਨਵਾਦ ਕੀਤਾ ਅਤੇ ਨਾਲ ਹੀ ਸਕਿੱਲ ਡਿਵੈਲਪਮੈਂਟ ਕਲੱਬ ਦੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਵੀ ਕੀਤੀ। ਉਨਾਂ ਨੇ ਵਿਦਿਆਰਥੀਆਂ ਨੂੰ ਵਿਅਕਤੀਤਵ ਦੇ ਬਹੁਪੱਖੀ ਵਿਕਾਸ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ।
ਇਸ ਸਮਾਗਮ ਵਿੱਚ ਸੈਫ਼ ਫੰਡ ਕਾਰਡੀਨੇਟਰ ਡਾ. ਅਮਨਦੀਪ ਸਿੰਘ ਸੱਪਲ ਅਤੇ ਡਾ. ਚਰਨਜੀਤ ਸਿੰਘ ਨੇ ਖਾਸ ਤੋਰ ਤੇ ਸ਼ਿਰਕਤ ਕੀਤੀ। ਲੜੀ ‘ਪੰਜਾਬੀ ਭਾਸ਼ਾ ਵਿੱਚ ਇਲੈਕਟ੍ਰੋਨਿਕਸ ਦਾ ਗਿਆਨ ਦਾ ਉਦਘਾਟਨੀ ਪੋਸਟਰ ਜਾਰੀ ਕਰਨ ਸਮੇਂ ਡਾ.ਮਨਜੀਤ ਸਿੰਘ ਪਾਤਰ, ਡਾ. ਗੁਰਮੀਤ ਕੌਰ, ਡਾ. ਰਣਜੀਤ ਕੌਰ, ਡਾ. ਕੁਲਵਿੰਦਰ ਸਿੰਘ, ਡਾ. ਅਮਨਦੀਪ ਸਿੰਘ ਸੱਪਲ, ਡਾ. ਰਿਚਾ ਸ਼ਰਮਾ, ਡਾ. ਅੰਮ੍ਰਿਤ ਕੌਰ, ਡਾ. ਰਮਨਦੀਪ ਕੌਰ, ਡਾ. ਅਮਨਦੀਪ ਸਿੰਘ ਭੰਡਾਰੀ, ਇੰਜ ਰੁਪਿੰਦਰ ਕੌਰ ਸ਼ਾਮਿਲ ਹੋਏ। ਸਕਿੱਲ ਡਿਵੈਲਪਮੈਂਟ ਕਲੱਬ ਦੇ ਉਪ ਪ੍ਰਧਾਨ ਡਾ. ਅਮਨਦੀਪ ਸਿੰਘ ਭੰਡਾਰੀ ਅਤੇ ਇੰਜ ਰੁਪਿੰਦਰ ਕੌਰ ਵੱਲੋਂ ਸਮਾਗਮ ਦੇ ਅੰਤ ਵਿੱਚ ਕਲੱਬ ਮੈਂਬਰਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।