Nasha Mukti

ਡੇਰਾ ਬਾਬਾ ਨਾਨਕ/ਗੁਰਦਾਸਪੁਰ, 21 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਨਸ਼ਾ ਮੁਕਤੀ ਯਾਤਰਾ ਨੂੰ ਲੋਕ ਲਹਿਰ ਬਣਾਇਆ ਜਾਵੇਗਾ ਅਤੇ ਲੋਕਾਂ ਦੇ ਸਹਿਯੋਗ ਨਾਲ ਸੂਬੇ ਵਿਚੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾ। 

ਇਹ ਐਲਾਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਬੀਤੀ ਸ਼ਾਮ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਹਰੂਵਾਲ, ਸ਼ਾਹਪੁਰ ਗੁਰਾਇਆ ਤੇ ਤਲਵੰਡੀ ਗੁਰਾਇਆ ਵਿਖੇ ਪਿੰਡਾਂ ਦੇ ਪਹਿਰੇਦਾਰਾਂ ਨਾਲ ਕੀਤੀਆਂ ਬੈਠਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਨੂੰ ਮੁਕੰਮਲ ਤੌਰ ‘ਤੇ ਖਤਮ ਕਰਨ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ’ ਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ ਅਤੇ ਨਸ਼ਾ ਵੇਚ ਕੇ ਬਣਾਈਆਂ ਉਨ੍ਹਾਂ ਦੀ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਹਿ-ਢੇਰੀ ਕੀਤਾ ਗਿਆ ਹੈ। 

ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਨਜ਼ਦੀਕ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਜੇਕਰ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ, ਸਰਕਾਰ ਵੱਲੋਂ ਉਸਦਾ ਮੁਫਤ ਇਲਾਜ ਕਰਕੇ ਨਸ਼ਾ ਛੁੜਾਇਆ ਜਾਵੇਗਾ ਅਤੇ ਨਾਲ ਹੀ ਉਸਦਾ ਪੁਨਰਵਾਸ ਵੀ ਕੀਤਾ ਜਾਵੇਗਾ। ਨਸ਼ਾ ਮੁਕਤੀ ਯਾਤਰਾ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕਤਾ ਸਮੱਗਰੀ ਵੰਡੀ ਗਈ। ਇਸ ਮੌਕੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਪਿੰਡਾਂ ਦੇ ਵਸਨੀਕਾਂ ਨੂੰ ਨਸ਼ੇ ਦੀ ਰੋਕਥਾਮ ਵਿੱਚ ਯੋਗਦਾਨ ਪਾਉਣ ਲਈ ਸਹੁੰ ਵੀ ਚੁਕਾਈ। 

ਇਸ ਮੌਕੇ ਉਨਾਂ ਦੇ ਨਾਲ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ. ਗੁਰਮੰਦਰ ਸਿੰਘ, ਡੀ.ਐੱਸ.ਪੀ. ਸ. ਜੋਗਾ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਮਨਦੀਪ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।