ਬਰਨਾਲਾ, 12 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਮੇਰਾ ਯੁਵਾ ਭਾਰਤ ਬਰਨਾਲਾ ਅਧੀਨ “ਮੇਰਾ ਯੁਵਾ ਭਾਰਤ ਸਿਵਲ ਡਿਫੈਂਸ ਵਲੰਟੀਅਰਾਂ” ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਬਰਨਾਲਾ ਵਿੱਚ ਹੋ ਗਈ ਹੈ।
ਇਸ ਸਬੰਧੀ ਜ਼ਿਲ੍ਹਾ ਯੂਥ ਅਫ਼ਸਰ ਸ੍ਰੀਮਤੀ ਆਭਾ ਸੋਨੀ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰਾਸ਼ਟਰ ਦੀ ਸੇਵਾ ਅਤੇ ਸਮਾਜਿਕ ਭਲਾਈ ਲਈ ਤਿਆਰ ਕਰਨਾ ਹੈ, ਜਿਸ ਰਾਹੀਂ ਉਹ ਐਮਰਜੈਂਸੀ ਸਥਿਤੀਆਂ, ਆਫ਼ਤਾਂ ਤੇ ਹੋਰ ਜ਼ਰੂਰੀ ਸਮਿਆਂ ਵਿੱਚ ਲੋੜਵੰਦ ਲੋਕਾਂ ਦੀ ਸਹਾਇਤਾ ਕਰ ਸਕਣ। ਇਹ ਵਾਲੰਟੀਅਰ ਸਮਾਜਿਕ ਜਾਗਰੂਕਤਾ ਮੁਹਿੰਮਾਂ, ਡਿਜ਼ਾਸਟਰ ਮੈਨੇਜਮੈਂਟ, ਟ੍ਰੈਫਿਕ ਕੰਟਰੋਲ, ਤੇ ਹੋਰ ਸਰਕਾਰੀ ਕਾਰਜਾਂ ਵਿੱਚ ਵੀ ਆਪਣੀ ਸੇਵਾਵਾਂ ਦੇਣਗੇ।
ਸ੍ਰੀਮਤੀ ਸੋਨੀ ਨੇ ਦੱਸਿਆ ਕਿ ਇਹ ਕਾਰਜ ਨੌਜਵਾਨਾਂ ਵਿੱਚ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਸ਼ਾਮਲ ਕਰਨਾ ਅਸਲ ਬਦਲਾਅ ਲਿਆਉਣ ਵੱਲ ਇੱਕ ਵੱਡਾ ਕਦਮ ਹੈ। ਇਹ ਵਾਲੰਟੀਅਰ ਬਣਨ ਲਈ ਉਮੀਦਵਾਰਾਂ ਦੀ ਉਮਰ 18 ਤੋਂ 29 ਸਾਲ ਹੋਣੀ ਚਾਹੀਦੀ ਹੈ। ਰਜਿਸਟ੍ਰੇਸ਼ਨ ਲਈ ਉਮੀਦਵਾਰ ਮੇਰਾ ਭਾਰਤ (ਮਾਈ ਭਾਰਤ) ਦੇ ਅਧਿਕਾਰਿਕ ਪੋਰਟਲ https://mybharat.gov.in ਉੱਤੇ ਜਾ ਕੇ ਆਪਣੀ ਜਾਣਕਾਰੀ ਭਰ ਸਕਦੇ ਹਨ, ਜਿਸ ਦੀ ਆਖਰੀ ਮਿਤੀ 25 ਮਈ 2025 ਹੈ।
ਉਨ੍ਹਾਂ ਬਰਨਾਲਾ ਜ਼ਿਲ੍ਹੇ ਦੇ ਸਾਰੇ ਕਾਲਜਾਂ, ਸਕੂਲਾਂ, ਨੌਜਵਾਨ ਗਰੁੱਪਾਂ ਤੇ ਸਵੈਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਯੋਜਨਾ ਨਾਲ ਜੁੜਨ।
