26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਬੀਐੱਸਐੱਫ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 117 ਬਟਾਲੀਅਨ ਦੀ ਬੀਓਪੀ ਸ਼ਾਹਪੁਰ ਦੇ ਜਵਾਨਾਂ ਨੇ ਕਣਕ ਦੇ ਖੇਤਾਂ ’ਚੋਂ ਧਮਾਕੇਖੇਜ ਸਮੱਗਰੀ ਦੋ ਆਈਡੀਆਂ, ਗ੍ਰਨੇਡ, ਪਿਸਤੌਲ, ਗੋਲੀਆਂ ਅਤੇ ਧਮਾਕਾ ਕਰਨ ਵਾਲੀ ਸਮੱਗਰੀ ਬਰਾਮਦ ਕਰਨ ’ਚ ਵੱਡੀ ਸਫ਼ਲਤਾ ਹਾਸਲ ਕਰ ਕੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫੇਲ੍ਹ ਕੀਤੇ ਹਨ।
ਜ਼ਿਕਰਯੋਗ ਹੈ ਕਿ 8 ਤੇ 9 ਅਪ੍ਰੈਲ ਦੀ ਰਾਤ ਨੂੰ ਬੀਐੱਸਐੱਫ ਸੈਕਟਰ ਅਧੀਨ ਆਉਂਦੀ ਬੀਐੱਸਐੱਫ ਦੀ 58 ਬਟਾਲੀਅਨ ਦੀ ਬੀਓਪੀ ਚੌਂਤਰਾ ’ਚ ਦੇਸ਼ ਵਿਰੋਧੀ ਅਨਸਰਾਂ ਵੱਲੋਂ ਲਗਾਈਆਂ ਗਈਆਂ ਤਿੰਨ ਆਈਡੀਆਂ ’ਚੋਂ ਇਕ ਆਈਡੀ ਫੱਟਣ ਕਾਰਨ ਬੀਐੱਸਐੱਫ ਦੇ ਜਵਾਨ ਸੋਹਣ ਲਾਲ ਦਾ ਪੈਰ ਉੱਡ ਗਿਆ ਸੀ। ਸ਼ੁੱਕਰਵਾਰ ਨੂੰ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 113 ਬਟਾਲੀਅਨ ਅਜਨਾਲਾ ਦੀ ਬੀਓਪੀ ਸ਼ਾਹਪੁਰ ਦੀ ਜਵਾਨਾਂ ਵੱਲੋਂ ਕਣਕ ਦੇ ਖੇਤਾਂ ’ਚੋਂ ਉਸ ਸਮੇਂ ਧਮਾਕਾਖੇਜ ਸਮੱਗਰੀ ਤੇ ਅਸਲਾ ਬਰਾਮਦ ਕੀਤਾ, ਜਦੋਂ ਬੀਐੱਸਐੱਫ ਦੀ 117 ਬਟਾਲੀਅਨ ਦੇ ਕਮਾਂਡੈਂਟ ਬ੍ਰਿਜ ਮੋਹਨ ਵੱਲੋਂ ਬੀਐੱਸਐੱਫ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਬੀਓਪੀ ਸ਼ਾਹਪੁਰ, ਦਰੀਆ ਮਨਸੂਰ, ਧਰਮ ਪ੍ਰਕਾਸ਼ ਬੀਓਪੀ ਏਰੀਏ ’ਚ ਕਣਕ ਦੀ ਕਟਾਈ ਦੌਰਾਨ ਬੀਐੱਸਐੱਫ ਦੀਆਂ ਡੇਢ ਦਰਜਨ ਦੇ ਕਰੀਬ ਚਾਰ-ਚਾਰ ਜਵਾਨਾਂ ਦੀਆਂ ਟੋਲੀਆਂ ਬਣਾ ਕੇ ਸਰਚ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਕਣਕ ਦੀ ਕਟਾਈ ਕਰਨ ਸਮੇਂ ਸਬੰਧਤ ਕਿਸਾਨ ਪਰਮਪਾਲ ਵੱਲੋਂ ਬੀਐੱਸਐੱਫ ਦੇ ਜਵਾਨਾਂ ਨੂੰ ਕਣਕ ਦੇ ਖੇਤ ’ਚੋਂ ਇਕ ਪੀਲੇ ਰੰਗ ਦਾ ਪੈਕਟ ਹੋਣ ਸਬੰਧੀ ਸੂਚਨਾ ਦਿੱਤੀ। ਇਸ ਮੌਕੇ ਪਹੁੰਚੇ ਬੀਐੱਸਐੱਫ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਪੀਲੇ ਰੰਗ ਦਾ ਪੈਕਟ ਕਬਜ਼ੇ ’ਚ ਲਿਆ ਤਾਂ ਇਸੇ ਦੌਰਾਨ ਹੀ ਕੁਝ ਦੂਰੀ ’ਤੇ ਇਕ ਹੋਰ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ। ਇਸ ਮੌਕੇ ਬੀਐੱਸਐੱਫ ਤੇ ਅਧਿਕਾਰੀਆਂ ਵੱਲੋਂ ਥਾਣਾ ਅਜਨਾਲਾ ਨੂੰ ਵੀ ਸੂਚਿਤ ਕੀਤਾ ਗਿਆ। ਇਸ ਮੌਕੇ ਬੀਐੱਸਐੱਫ ਤੇ ਪੁਲਿਸ ਦੀ ਹਾਜ਼ਰੀ ’ਚ ਜਦੋਂ ਦੋਵੇਂ ਪੈਕਟ ਖੋਲ੍ਹੇ ਗਏ ਤਾਂ ਵੱਖ-ਵੱਖ ਪੀਲੇ ਪੈਕਟਾਂ ’ਚ ਵੱਖ-ਵੱਖ ਵਿਸਫੋਟਕ ਸਮੱਗਰੀ ਤੇ ਅਸਲੇ ਦੀ ਪੈਕਿੰਗ ਕੀਤੀ ਹੋਈ ਸੀ, ਜਿਸ ਦਾ ਵਜ਼ਨ ਸੱਤ ਕਿੱਲੋ ਦੇ ਕਰੀਬ ਸੀ। ਇਨ੍ਹਾਂ ਪੈਕਟਾਂ ਵਿਚੋਂ 3 ਪਿਸਤੌਲ, 1 ਬੈਰੇਟਾ ਯੂਐੱਸਏ ਨਾਲ 1 ਪਿਸਤੌਲ, 2 ਪਿਸਤੌਲ ਸਥਾਨਕ ਤੌਰ ‘ਤੇ ਸਟਾਰ ਮਾਰਕ, 8 ਪਿਸਤੌਲ ਮੈਗਜ਼ੀਨ, 171 ਰੌਂਦ 9 ਐੱਮਐੱਮ, 2 ਐੱਨਓਐੱਸ 9 ਵੋਲਟ ਬੈਟਰੀ, 12 ਐੱਨਓ ਬੈਟਰੀਆਂ (09 ਤੋਸ਼ੀਬਾ 03 ਪਾਵਰ ਪਲੱਸ, 5 ਗ੍ਰਨੇਡ, 2 ਰਿਮੋਟਸ, 2 ਬੈਟਰੀ ਚਾਰਜਰ ਆਦਿ ਸਮਗਰੀ ਬਰਾਮਦ ਕੀਤੀ ਗਈ।
ਇਸ ਸਬੰਧੀ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਨੇ ਦੱਸਿਆ ਕਿ ਬੀਐੱਸਐੱਫ ਦੀ 117 ਬਟਾਲੀਅਨ ਵੱਲੋਂ ਕਣਕ ਦੀ ਕਟਾਈ ਹੋ ਰਹੇ ਖੇਤਾਂ ਵਿਚੋਂ ਸਮੱਗਰੀ ਬਰਾਮਦ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੰਖੇਪ: ਗੁਰਦਾਸਪੁਰ ‘ਚ ਕਣਕ ਦੇ ਖੇਤਾਂ ਤੋਂ ਬੀਐੱਸਐੱਫ ਨੇ ਧਮਾਕਾਖੇਜ ਸਮੱਗਰੀ ਬਰਾਮਦ ਕਰਕੇ ਵੱਡੀ ਸਾਜ਼ਿਸ਼ ਨਾਕਾਮ ਬਣਾਈ।