15 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ):-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਮੁਹਾਲੀ ਦੇ ਸਾਈਬਰ ਅਪਰਾਧ ਥਾਣਾ ਫੇਜ-7 ਵਿਚ ਪਹੁੰਚ ਕੇ ਜਾਂਚ ਵਿੱਚ ਸ਼ਾਮਲ ਹੋਏ। ਇਸ ਮੌਕੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਰਕਰਾਂ ਵੀ ਮੁਹਾਲੀ ਪਹੁੰਚੇ।
ਮੁਹਾਲੀ ਦੇ ਐਸਪੀ ਹਰਬੀਰ ਸਿੰਘ ਅਟਵਾਲ ਵੱਲੋਂ ਐਤਵਾਰ ਨੂੰ ਕਾਂਗਰਸ ਆਗੂ ਬਾਜਵਾ ਨੂੰ ਸੰਮਨ ਭੇਜ ਕੇ ਸੋਮਵਾਰ ਨੂੰ ਦੁਪਹਿਰ 12 ਵਜੇ ਸਾਈਬਰ ਅਪਰਾਧ ਥਾਣਾ ਫੇਜ਼-7 ਵਿੱਚ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਬੀਤੇ ਕੱਲ੍ਹ ਬਾਜਵਾ ਥਾਣੇ ਵਿਚ ਨਹੀਂ ਪਹੁੰਚੇ। ਉਨ੍ਹਾਂ ਨੇ ਆਪਣੇ ਵਕੀਲ ਪਰਦੀਪ ਸਿੰਘ ਵਿਰਕ ਰਾਹੀਂ ਪੁਲਿਸ ਅਧਿਕਾਰੀਆਂ ਨੂੰ ਇੱਕ ਅਰਜ਼ੀ ਸੌਂਪ ਕੇ ਇੱਕ ਦਿਨ (15 ਅਪਰੈਲ) ਤੱਕ ਪੇਸ਼ ਹੋਣ ਦੀ ਮੋਹਲਤ ਮੰਗੀ ਸੀ।
ਇਸ ਤਰ੍ਹਾਂ ਬਾਜਵਾ ਅੱਜ ਦੂਜੇ ਦਿਨ ਬਾਅਦ ਦੁਪਹਿਰ 2:26 ਵਜੇ ਮੁਹਾਲੀ ਦੇ ਥਾਣੇ ਵਿਚ ਪੇਸ਼ ਹੋਏ। ਜਿਵੇਂ ਹੀ ਬਾਜਵਾ ਦਾ ਕਾਫਲਾ ਪਹੁੰਚਿਆ ਤਾਂ ਵਰਕਰਾਂ ਨੇ ਬਾਜਵਾ ਦੇ ਹੱਕ ਵਿਚ ‘ਬਾਜਵਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਲਾਏ’। ਦੱਸ ਦਈਏ ਕਿ ਪ੍ਰਤਾਪ ਬਾਜਵਾ ਨੇ ਨਿਊਜ 18 ਉਤੇ ਇੰਟਰਵਿਊ ਵਿੱਚ ਸੂਤਰਾਂ ਦੇ ਹਵਾਲੇ ਨਾਲ ਪੰਜਾਬ ਵਿਚ 50 ਬੰਬ ਆਉਣ ਬਾਰੇ ਦਾਅਵਾ ਕੀਤਾ ਸੀ ਅਤੇ ਆਖਿਆ ਸੀ ਕਿ ਇਨ੍ਹਾਂ ਵਿਚੋਂ 18 ਚੱਲ ਚੁੱਕੇ ਹਨ ਅਤੇ 32 ਹੋਰ ਹਾਲੇ ਚੱਲਣੇ ਬਾਕੀ ਹਨ। ਇਸ ਸਬੰਧੀ ਬਾਜਵਾ ਦੇ ਖਿਲਾਫ਼ ਸਾਈਬਰ ਅਪਰਾਧ ਥਾਣਾ ਫੇਜ-7 ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸੰਖੇਪ: ਪ੍ਰਤਾਪ ਸਿੰਘ ਬਾਜਵਾ ਮੁਹਾਲੀ ਸਾਈਬਰ ਥਾਣੇ ‘ਚ 50 ਬੰਬਾਂ ਵਾਲੇ ਬਿਆਨ ਮਾਮਲੇ ਵਿੱਚ ਜਾਂਚ ਲਈ ਪੇਸ਼ ਹੋਏ।