8 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ) : ਸੈਫ ਅਲੀ ਖਾਨ ਦਾ ਕੁੱਟਮਾਰ ਮਾਮਲਾ 13 ਸਾਲਾਂ ਬਾਅਦ ਫਿਰ ਸੁਰਖੀਆ ‘ਚ ਗਿਆ ਹੈ। ਇਸ ਮਾਮਲੇ ਵਿੱਚ ਹੋਟਲ ਵਿੱਚ ਮੌਜੂਦ ਸਾਰੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਅੰਮ੍ਰਿਤਾ ਅਰੋੜਾ ਅਦਾਲਤ ਵਿੱਚ ਪੇਸ਼ ਹੋਈ ਤੇ ਆਪਣਾ ਬਿਆਨ ਦਰਜ ਕਰਵਾਇਆ। ਮਲਾਇਕਾ ਅਰੋੜਾ ਨੇ ਵੀ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਹ ਨਹੀਂ ਆਈ।
ਦਰਅਸਲ 22 ਫਰਵਰੀ 2012 ਨੂੰ ਮਲਾਇਕਾ ਅਰੋੜਾ ਵੀ ਸੈਫ ਅਲੀ ਖਾਨ ਨਾਲ ਹੋਟਲ ਵਿੱਚ ਮੌਜੂਦ ਸੀ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ K S ਝਾਵਰ ਇਸ ਸਮੇਂ ਮਾਮਲੇ ਦੇ ਗਵਾਹਾਂ ਦੀ ਗਵਾਹੀ ਦਰਜ ਕਰ ਰਹੇ ਹਨ। ਅੰਮ੍ਰਿਤਾ ਅਰੋੜਾ ਤੋਂ ਬਾਅਦ ਮਲਾਇਕਾ ਨੂੰ ਗਵਾਹੀ ਦੇਣੀ ਪਈ।
ਮਲਾਇਕਾ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ
ਅਦਾਲਤ ਨੇ ਪਹਿਲਾਂ 15 ਫਰਵਰੀ ਨੂੰ ਅਰੋੜਾ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਫਿਰ ਉਸ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਹ ਨਹੀਂ ਆਈ। ਪੀਟੀਆਈ ਅਨੁਸਾਰ ਸੈਫ ਅਲੀ ਖਾਨ ਦੇ ਮਾਮਲੇ ਵਿੱਚ ਮਲਾਇਕਾ ਅਰੋੜਾ ਵਿਰੁੱਧ ਦੁਬਾਰਾ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 29 ਅਪ੍ਰੈਲ ਨੂੰ ਹੋਵੇਗੀ।
ਕੀ ਸੀ ਸੈਫ ਅਲੀ ਖਾਨ ਕੁੱਟਮਾਰ ਦਾ ਮਾਮਲਾ
ਇਹ ਫਰਵਰੀ 2012 ਦੀ ਗੱਲ ਹੈ ਜਦੋਂ ਸੈਫ ਅਲੀ ਖਾਨ, ਕਰੀਨਾ ਕਪੂਰ ਖਾਨ, ਮਲਾਇਕਾ ਅਰੋੜਾ, ਅੰਮ੍ਰਿਤਾ ਅਰੋੜਾ, ਕਰਿਸ਼ਮਾ ਕਪੂਰ ਤੇ ਉਨ੍ਹਾਂ ਦੇ ਕੁਝ ਕਰੀਬੀ ਦੋਸਤ ਰਾਤ ਦੇ ਖਾਣੇ ਲਈ ਇੱਕ ਹੋਟਲ ਵਿੱਚ ਗਏ ਸਨ। ਉੱਥੇ ਸੈਫ਼ ਦੀ ਇੱਕ ਬਿਜਨਸਮੈਨ ਇਕਬਾਲ ਮੀਰ ਸ਼ਰਮਾ ਨਾਲ ਲੜਾਈ ਹੋ ਗਈ। ਸੈਫ ‘ਤੇ ਬਿਜਨਸਮੈਨ ਤੇ ਉਸ ਦੇ ਸਹੁਰੇ ‘ਤੇ ਹਮਲਾ ਕਰਨ ਦਾ ਦੋਸ਼ ਸੀ। ਪੁਲਿਸ ਅਨੁਸਾਰ ਜਦੋਂ ਸ਼ਰਮਾ ਨੇ ਅਦਾਕਾਰ ਤੇ ਉਸ ਦੇ ਦੋਸਤਾਂ ਵਿਚਕਾਰ ਹੋਈ ਬਹਿਸ ਦਾ ਵਿਰੋਧ ਕੀਤਾ ਤਾਂ ਸੈਫ ਨੇ ਉਸ ਨੂੰ ਧਮਕੀ ਦਿੱਤੀ ਤੇ ਬਾਅਦ ਵਿੱਚ ਬਿਜਨਸਮੈਨ ਦੇ ਨੱਕ ‘ਤੇ ਮੁੱਕਾ ਮਾਰਿਆ, ਜਿਸ ਨਾਲ ਉਸ ਦਾ ਨੱਕ ਟੁੱਟ ਗਿਆ।
ਅੰਮ੍ਰਿਤਾ ਅਰੋੜਾ ਨੇ ਵੀ ਦਿੱਤਾ ਬਿਆਨ
ਸ਼ਿਕਾਇਤ ਤੋਂ ਬਾਅਦ ਇਸ ਮਾਮਲੇ ਵਿੱਚ ਸੈਫ ਸਮੇਤ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਬਾਅਦ ਵਿੱਚ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਅਦਾਕਾਰ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਬਿਜਨਸਮੈਨ ਨੇ ਉਸ ਨਾਲ ਆਈਆਂ ਔਰਤਾਂ ਵਿਰੁੱਧ ਅਸ਼ਲੀਲ ਗੱਲਾਂ ਕਹੀਆਂ ਸਨ। ਸੈਫ ਅਲੀ ਖਾਨ ‘ਤੇ ਕੁੱਟਮਾਰ ਦਾ ਮਾਮਲਾ ਪਿਛਲੇ 13 ਸਾਲਾਂ ਤੋਂ ਅਦਾਲਤ ਵਿੱਚ ਹੈ। ਇਸ ਮਾਮਲੇ ਵਿੱਚ ਅੰਮ੍ਰਿਤਾ ਅਰੋੜਾ ਨੇ ਵੀ ਬਿਆਨ ਦਿੱਤਾ ਸੀ। ਹੁਣ ਮਲਾਇਕਾ ਅਰੋੜਾ ਦੀ ਵਾਰੀ ਹੈ।
ਸੰਖੇਪ: ਸੈਫ ਅਲੀ ਖਾਨ ਨਾਲ ਜੁੜੇ ਕੁੱਟਮਾਰ ਮਾਮਲੇ ਵਿੱਚ ਮਲਾਇਕਾ ਅਰੋੜਾ ਕੋਰਟ ‘ਚ ਹਾਜ਼ਰ ਨਾ ਹੋਈ, ਜਿਸ ਕਰਕੇ ਅਦਾਲਤ ਨੇ ਉਨ੍ਹਾਂ ਵਿਰੁੱਧ ਵਾਰੰਟ ਜਾਰੀ ਕੀਤਾ।