ਫਾਜ਼ਿਲਕਾ, 4 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਫਾਜ਼ਿਲਕਾ ਦੀ ਅਨਾਜ ਮੰਡੀ ਵਿਚ ਮੱਧ ਪ੍ਰਦੇਸ਼ ਤੋਂ ਕਣਕ ਲਿਆਉਣ ਵਾਲਾ ਕਿਸਾਨ ਇਹ ਫਸਲ ਮੰਡੀ ਵਿਚ ਵੇਚਣ ਲਈ ਨਹੀਂ ਲੈਕੇ ਆਇਆ ਸੀ। ਇਹ ਜਾਣਕਾਰੀ ਸਕੱਤਰ ਮਾਰਕਿਟ ਕਮੇਟੀ ਫਾਜ਼ਿਲਕਾ ਸ੍ਰੀ ਮਨਦੀਪ ਰਹੇਜਾ ਨੇ ਦਿੱਤੀ ਹੈ।
ਸਕੱਤਰ ਨੇ ਦੱਸਿਆ ਕਿ ਪਿੰਡ ਸਲੇਮਸ਼ਾਹ ਦੇ ਕਿਸਾਨ ਪ੍ਰਸੋਤਮ ਕੁਮਾਰ ਦੀ ਫਾਜ਼ਿਲਕਾ ਦੇ ਨਾਲ ਨਾਲ ਮੱਧ ਪ੍ਰਦੇਸ਼ ਵੀ ਜਮੀਨ ਹੈ ਅਤੇ ਉਹ ਇਹ ਕਣਕ ਆਪਣੀਆਂ ਜਰੂਰਤਾਂ ਲਈ ਲੈਕੇ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਵੱਲੋਂ ਮਾਰਕਿਟ ਕਮੇਟੀ ਨੂੰ ਦਿੱਤੀ ਜਾਣਕਾਰੀ ਅਨੁਸਾਰ ਉਹ ਇਹ ਕਣਕ ਐਮਐਸਪੀ ਤੇ ਸਰਕਾਰ ਨੂੰ ਵੇਚਣ ਲਈ ਮੰਡੀ ਨਹੀਂ ਲੈਕੇ ਆਇਆ ਸੀ, ਸਗੋਂ ਆਪਣੇ ਘਰ ਥਾਂ ਦੀ ਘਾਟ ਕਾਰਨ ਉਸਨੇ ਸੁਕਾਉਣ ਅਤੇ ਸਾਫ ਸਫਾਈ ਲਈ ਇਹ ਕਣਕ ਮੰਡੀ ਵਿਚ ਢੇਰੀ ਕੀਤੀ ਸੀ ਅਤੇ ਉਸਨੇ ਇਹ ਸਰਕਾਰੀ ਖਰੀਦ ਵਿਚ ਨਹੀਂ ਵੇਚਣੀ ਹੈ, ਕਿਉਂਕਿ ਜੇਕਰ ਉਸਨੇ ਸਰਕਾਰੀ ਖਰੀਦ ਰਾਹੀਂ ਵੇਚਣੀ ਹੁੰਦੀ ਤਾਂ ਉਹ ਮੱਧ ਪ੍ਰਦੇਸ਼ ਵਿਚ ਹੀ ਵੇਚ ਸਕਦਾ ਸੀ ਕਿਉਂਜੋ ਐਮਐਸਪੀ ਤਾਂ ਸਾਰੇ ਰਾਜਾਂ ਵਿਚ ਇਕ ਸਮਾਨ ਹੀ ਹੈ। ਇਸ ਸਬੰਧੀ ਛਪੀ ਖ਼ਬਰ ਤੇ ਟਿੱਪਣੀ ਦਿੰਦਿਆਂ ਉਨ੍ਹਾਂ ਨੇ ਸਪਸ਼ੱਟ ਕੀਤਾ ਕਿ ਦੂਜੇ ਰਾਜਾਂ ਤੋਂ ਆਕੇ ਕਣਕ ਸਰਕਾਰੀ ਖਰੀਦ ਤੇ ਨਹੀਂ ਵਿਕਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਸੁੱਕੀ ਹੋਈ ਫਸਲ ਦੀ ਹੀ ਕਟਾਈ ਕਰਨ ਅਤੇ ਨਾਲ ਦੀ ਨਾਲ ਮੰਡੀ ਵਿਚ ਸੁੱਕੀ ਹੋਈ ਫਸਲ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਫਸਲ ਦੀ ਨਿਯਮਾਂ ਅਨੁਸਾਰ ਸਰਕਾਰੀ ਖਰੀਦ ਕੀਤੀ ਜਾ ਸਕੇ।
