ਰੂਪਨਗਰ, 10 ਫਰਵਰੀ (ਪੰਜਾਬੀ ਖ਼ਬਰਨਾਮਾ)
ਪੰਜਾਬ ਸਰਕਾਰ ਤੋਂ ਪ੍ਰਾਪਤ ਵਿੱਤੀ ਗ੍ਰਾਂਟ ਤਹਿਤ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਦੀ ਅਗਵਾਈ ਹੇਠ ਹੁਨਰ ਸੁਧਾਰ ਅਤੇ ਵਿਦਿਆਰਥੀ ਵਿਕਾਸ ਦੇ ਉਦੇਸ਼ ਤਹਿਤ ਵਿਦਿਆਰਥੀਆਂ ਦੇ ਉਦਯੋਗਿਕ ਇਕਾਈਆਂ ਦੇ ਦੌਰੇ ਕਰਵਾਏ ਜਾ ਰਹੇ ਹਨ।
ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਪ੍ਰਾਪਤ ਹੋਈ ਵਿੱਤੀ ਗ੍ਰਾਂਟ ਨਾਲ ਵਿਦਿਆਰਥੀਆਂ ਲਈ ਕਿੱਤੇ ਨਾਲ ਸਬੰਧਤ ਸੈਮੀਨਾਰ, ਉਦਯੋਗਿਕ ਇਕਾਈਆਂ ਦੇ ਦੌਰੇ ਅਤੇ ਵਿਦਿਆਰਥੀਆਂ ਦੀ ਸਖ਼ਸ਼ੀਅਤ ਉਸਾਰੀ ਲਈ ਪੈਨਲ ਚਰਚਾ ਕਰਵਾਈ ਜਾ ਰਹੀ ਹੈ ਤਾਂ ਕਿ ਵਿਦਿਆਰਥੀ ਚੰਗੇ ਉੱਦਮੀ ਬਣ ਸਕਣ।
ਇਸੇ ਲੜੀ ਦੇ ਤਹਿਤ ਡਾ. ਅਨੂ ਸ਼ਰਮਾ, ਪ੍ਰੋ. ਜੁਪਿੰਦਰ ਕੌਰ ਦੀ ਅਗਵਾਈ ਹੇਠ 60 ਵਿਦਿਆਰਥੀਆਂ ਵੱਲੋਂ ਸਵਰਾਜ ਮਾਜਦਾ ਲਿਮਟਿਡ ਕੰਪਨੀ ਦਾ ਦੌਰਾ ਕੀਤਾ ਗਿਆ। ਕੰਪਨੀ ਦੇ ਜੀ.ਐੱਮ. ਸ਼੍ਰੀ ਅਸ਼ਵਨੀ ਸ਼ਰਮਾਂ ਨੇ ਵਿਦਿਆਰਥੀਆਂ ਨੂੰ ਯੁਨਿਟ ਸਬੰਧੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਹਾਸਲ ਕਰਕੇ ਅਜਿਹੀਆਂ ਕੰਪਨੀਆਂ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਦੱਸਿਆ ਕਿ ਸਵਰਾਜ ਮਾਜਦਾ ਕੰਪਨੀ ਵਿੱਚ ਬੱਸਾਂ ਅਤੇ ਟਰੱਕਾਂ ਦੇ ਆਧੁਨਿਕ ਮਾਡਲ ਰੋਬੋਟੀਕਲ ਤਕਨੀਕ ਨਾਲ ਬਣਾਏ ਜਾਂਦੇ ਹਨ।
ਸ. ਗੁਰਬੀਰ ਸਿੰਘ ਬੱਗਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮਸ਼ੀਨਾਂ ਦੇ ਨਾਲ-ਨਾਲ ਮਨੁੱਖੀ ਤਾਕਤ ਵੀ ਕੰਮ ਕਰ ਰਹੀ ਹੈ। ਜਿਸ ਵਿੱਚ ਟੀਮ ਭਾਵਨਾ ਨਾਲ ਕੰਮ ਕਰਨ ਦੀ ਸਮਰੱਥਾ ਵੱਧਦੀ ਹੈ। ਇਸ ਤੋਂ ਇਲਾਵਾ ਕੰਪਨੀ ਦੇ ਜਨਰਲ ਮੈਨੇਜਰ ਜਸਪ੍ਰੀਤ ਸਿੰਘ ਜਨੇਜਾ, ਚੀਫ ਮੈਨੇਜਰ ਕਰਮਜੀਤ ਸਿੰਘ ਭੱਟੀ, ਪ੍ਰੋਡਕਸ਼ਨ ਸੀਨੀਅਰ ਮੈਨੇਜਰ ਪਰਮਿੰਦਰ ਪਾਲ ਸਿੰਘ ਬੱਲ, ਜਨਰਲ ਮੈਨੇਜਰ ਰਕੇਸ਼ ਭਾਟੀਆ, ਚੀਫ ਜਨਰਲ ਮੈਨੇਜਰ ਸੰਦੀਪ ਸਿੰਘ ਚੰਦਨਾ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਆਪਣੇ ਹੁਨਰ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ।
ਡਾ. ਹਰਪ੍ਰੀਤ ਕੌਰ ਅਤੇ ਡਾ. ਨੀਰੂ ਚੋਪੜਾ ਦੀ ਅਗਵਾਈ ਅਧੀਨ 50 ਵਿਦਿਆਰਥੀਆਂ ਵੱਲੋਂ ਟੋਪਾਨ ਇੰਡਸਟਰੀ ਦਾ ਦੌਰਾ ਕੀਤਾ ਗਿਆ। ਟੋਪਾਨ ਇੰਡਸਟਰੀ ਦੇ ਐੱਚ.ਆਰ ਦੇ ਡਿਪਟੀ ਮੈਨੇਜਰ ਵਿਸ਼ਾਖਾ ਬੱਬਰ ਅਤੇ ਐੱਚ.ਆਰ ਅਫ਼ਸਰ ਐਰੀਕਾ ਸੂਦ ਨੇ ਵਿਦਿਆਰਥੀਆਂ ਨੂੰ ਪੀ.ਪੀ.ਟੀ ਰਾਹੀਂ ਪਲਾਂਟ ਬਾਰੇ ਜਾਣਕਾਰੀ ਦਿੱਤੀ ਅਤੇ ਪਲਾਂਟ ਦਾ ਦੌਰਾ ਕਰਵਾ ਕੇ ਵੱਖ-ਵੱਖ ਉਤਪਾਦ ਜਿਵੇਂ ਬੇਸ ਫਿਲਮ, ਲੈਮੀਨੇਸ਼ਨ ਕੋਟਿੰਗ ਅਤੇ ਲੇਬਲਿੰਗ ਸਬੰਧੀ ਜਾਣਕਾਰੀ ਦਿੱਤੀ।