15 ਅਕਤੂਬਰ 2024 : ਪੰਜਾਬ ਵਿੱਚ ਭਲਕੇ 15 ਅਕਤੂਬਰ ਨੂੰ ਹੋਣ ਵਾਲੀਆਂ ਗਰਾਮ ਪੰਚਾਇਤ ਦੀਆਂ ਚੋਣਾਂ ਵਿੱਚ ਹਾਈ ਕੋਰਟ ਦੇ ਤਾਜ਼ਾ ਫ਼ੈਸਲੇ ਤੋਂ ਬਾਅਦ ਕਿਤੇ ਖ਼ੁਸ਼ੀ ਅਤੇ ਕਿਤੇ ਉਦਾਸੀ ਦੇ ਆਲਮ ਵਾਲੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਐਤਕੀਂ ਬਿਨਾਂ ਪਾਰਟੀ ਚੋਣ ਨਿਸ਼ਾਨ ਤੋਂ ਚੋਣਾਂ ਲੜਨ ਤੇ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਅਪੀਲ ਕੀਤੀ ਸੀ ਪਰ ਬਹੁਸੰਮਤੀ ਲੋਕਾਂ ਨੇ ਇਹ ਅਪੀਲ ਨਾ ਮੰਨਦਿਆਂ ਚੋਣਾਂ ਲੜਨ ਨੂੰ ਤਰਜੀਹ ਦਿੱਤੀ ਹੈ। ਸ੍ਰੀ ਮਾਨ ਨੇ ਪਿੰਡਾਂ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਬਣਾਉਣ ਅਤੇ ਧੜੇਬੰਦੀਆਂ ਖ਼ਤਮ ਕਰਨ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ’ਤੇ ਜ਼ੋਰ ਦਿੱਤਾ ਸੀ ਪਰ ਸਾਰਾ ਕੁਝ ਇਸ ਦੇ ਉਲਟ ਹੋ ਰਿਹਾ ਹੈ। ਮੁੱਖ ਮੰਤਰੀ ਦੀ ਉਮੀਦ ਨਾਲੋਂ ਬਹੁਤ ਘੱਟ ਪਿੰਡਾਂ ਵਿੱਚ ਸਰਬਸੰਮਤੀਆਂ ਹੋਈਆਂ ਹਨ, ਜਿੱਥੋਂ ਤੱਕ ਪਾਰਟੀ ਦੇ ਚੋਣ ਨਿਸ਼ਾਨ ਦੀ ਗੱਲ ਹੈ, ਭਾਵੇਂ ਚੋਣਾਂ ਬਿਨਾਂ ਪਾਰਟੀ ਚੋਣ ਨਿਸ਼ਾਨ ਤੋਂ ਲੜੀਆਂ ਜਾ ਰਹੀਆਂ ਹਨ ਪਰ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸਿੱਧੀ ਦਖ਼ਲਅੰਦਾਜ਼ੀ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ। ਮੁੱਖ ਮੰਤਰੀ ਅਨੁਸਾਰ ਸਰਕਾਰ ਇਨ੍ਹਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਉਂਜ ਉਨ੍ਹਾਂ ਨੇ ਪੰਚਾਇਤ ਚੋਣਾਂ ਵਿੱਚ ਪੈਸਾ ਤੇ ਤਾਕਤ ਦੀ ਵਰਤੋਂ ਕਰਨ ਵਾਲਿਆਂ ਨੂੰ ਨਕਾਰਨ ਦੀ ਗੱਲ ਕਹੀ ਸੀ ਪਰ ਇੱਥੇ ਪੈਸੇ ਦੇ ਜ਼ੋਰ ਨਾਲ ਹੀ ਚੋਣਾਂ ਲੜੀਆਂ ਜਾ ਰਹੀਆਂ ਹਨ।
12 ਪਿੰਡਾਂ ਵਿੱਚ ਸਰਬਸੰਮਤੀ ਨਾਲ ਹੋਈ ਚੋਣ: ਵਿਧਾਇਕ
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਿਲੋਂ ਚਾਹੁੰਦੇ ਸਨ ਕਿ ਲੋਕ ਸੱਥ ਵਿੱਚ ਬੈਠ ਕੇ ਸਰਬਸੰਮਤੀ ਨਾਲ ਆਪਣੇ ਪਿੰਡ ਦੀ ਪੰਚਾਇਤ ਚੁਣਨ ਤਾਂ ਜੋ ਉਹ ਜਮਹੂਰੀ ਪ੍ਰਕਿਰਿਆ ਦਾ ਅਨਿੱਖੜਵਾਂ ਅੰਗ ਬਣਨ। ਮੁਹਾਲੀ ਹਲਕੇ ਦੀ ਗੱਲ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਮੁਹਾਲੀ ਵਿੱਚ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਣਗੀਆਂ ਪਰ ਵਿਰੋਧੀਆਂ ਨੇ ਜਾਣ-ਬੁੱਝ ਕੇ ਕਈ ਪਿੰਡਾਂ ਵਿੱਚ ਇੱਕ-ਇੱਕ ਜਾਂ ਦੋ-ਦੋ ਬੰਦੇ ਖੜ੍ਹੇ ਕਰਕੇ ਉੱਥੇ ਸਰਬਸੰਮਤੀ ਨਹੀਂ ਹੋਣ ਦਿੱਤੀ, ਜਿਸ ਕਾਰਨ ਉਹ ਕਰੀਬ 12 ਪਿੰਡਾਂ ਵਿੱਚ ਸਰਬਸੰਮਤੀਆਂ ਕਰਵਾਉਣ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਵਾਲੇ ਪਿੰਡਾਂ ਦੇ ਵਿਕਾਸ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ‘ਆਪ’ ਵਿਧਾਇਕ ਨੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਨਵੇਂ ਮਾਸਟਰ ਪਲਾਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਾਂ ਦੀ ਰਾਇ ਨਾਲ ਯੋਜਨਾਬੱਧ ਢੰਗ ਨਾਲ ਵਿਕਾਸ ਕਰਨ ਦੀ ਲੋੜ ਹੈ।