ਚੰਡੀਗੜ੍ਹ 5 ਜਨਵਰੀ (ਪੰਜਾਬ ਖਬਰਨਾਮਾ) ਪੰਜਾਬ ਦੀ ਭਗਵੰਤ ਮਾਨ ਸਰਕਾਰ ਰੂਪਨਗਰ ਜ਼ਿਲ੍ਹੇ ਦੇ ਇਤਿਹਾਸਕ ਕਸਬਾ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਵਿਉਂਤ ਉਲੀਕ ਰਹੀ ਹੈ ਜਿਸ ਬਾਰੇ ਢੁੱਕਵੇਂ ਸਮੇਂ ਉੱਤੇ ਐਲਾਨ ਕੀਤਾ ਜਾਵੇਗਾ। ਇਸ ਦਾ ਜਿੱਥੇ ਰਾਜਸੀ ਲਾਹਾ ਮਿਲ ਸਕਦਾ ਹੈ ਉੱਥੇ ਹੀ ਧਾਰਮਿਕ ਤੌਰ ਉੱਤੇ ਸਿੱਖਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਸਮਝੀ ਜਾ ਰਹੀ ਹੈ। ਇਸ ਨਵੇਂ ਜ਼ਿਲੇ ਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਹੀ ਰੱਖੇ ਜਾਣ ਦੀ ਤਜਵੀਜ਼ ਹੈ।
ਇਸ ਸਬੰਧ ਵਿੱਚ ਇਸ ਸਬ ਡਵੀਜ਼ਨ ਨਾਲ ਸਬੰਧਤ ਗ੍ਰਾਮ ਪੰਚਾਇਤਾਂ ਅਤੇ ਹੋਰ ਸੰਸਥਾਵਾਂ ਤੋਂ ਮਤੇ ਹਾਸਲ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਸਰਕਾਰ ਵੱਲੋਂ ਗਠਿਤ ਜ਼ਿਲਾ ਪੁਨਰਗਠਨ ਕਮੇਟੀ ਦੀ ਰਿਪੋਰਟ ਅਨੁਸਾਰ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਵਾਸੀਆਂ ਦੀ ਇਸ ਇਤਿਹਾਸਕ ਨਗਰ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਚਿਰੋਕਣੀ ਮੰਗ ਹੈ।
ਸੂਤਰਾਂ ਅਨੁਸਾਰ ਇਸ ਨਵੇਂ ਜਿਲੇ ਵਿੱਚ ਆਨੰਦਪੁਰ ਸਾਹਿਬ ਸਬ ਡਵੀਜ਼ਨ, ਨੰਗਲ ਸਬ ਡਿਵੀਜ਼ਨ ਅਤੇ ਨੂਰਪੁਰ ਬੇਦੀ ਸਬ ਤਹਿਸੀਲ ਨੂੰ ਨਵੇਂ ਜ਼ਿਲ੍ਹੇ ਦਾ ਹਿੱਸਾ ਬਣਾਇਆ ਜਾਵੇਗਾ। ਇਸ ਤੋਂ। ਇਲਾਵਾ ਨਵਾਂਸ਼ਹਿਰ ਜ਼ਿਲ੍ਹੇ ਦੀ ਬਲਾਚੌਰ ਸਬ ਡਿਵੀਜ਼ਨ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹਸ਼ੰਕਰ ਸਬ ਡਿਵੀਜ਼ਨ ਨੂੰ ਵੀ ਨਵੇਂ ਇਸ ਨਵੇਂ ਜ਼ਿਲ੍ਹੇ ਦਾ ਹਿੱਸਾ ਬਣਾਇਆ ਜਾ ਸਕਦਾ ਹੈ।
ਸਾਲ 2006 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਰੂਪਨਗਰ ਜ਼ਿਲ੍ਹੇ ਵਿੱਚੋਂ ਸਬ ਡਵੀਜ਼ਨਾਂ ਕੱਢ ਕੇ ਨਵਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ ਬਣਾ ਦਿੱਤਾ ਸੀ ਜਿਸ ਦਾ ਕਾਫੀ ਵਿਰੋਧ ਵੀ ਹੋਇਆ ਸੀ। ਇਸ ਤਰਾਂ ਰੂਪਨਗਰ ਜ਼ਿਲੇ ਵਿੱਚੋਂ ਹੁਣ ਨਵਾਂ ਸ੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਬਣਾਏ ਨਾਲ ਰੂਪਨਗਰ ਜ਼ਿਲ੍ਹੇ ਦਾ ਖੇਤਰਫਲ ਹੋਰ ਵੀ ਘਟ ਜਾਵੇਗਾ।
ਇਸ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਦੇ ਐਸਡੀਐਮ ਦਫਤਰ ਨਾਲ ਸੰਪਰਕ ਕਰਨ ਉੱਤੇ ਪਤਾ ਲੱਗਿਆ ਕਿ ਇਸ ਸਬੰਧੀ ਕੁਝ ਪੱਤਰ ਵਿਹਾਰ ਜ਼ਰੂਰ ਚੱਲ ਰਿਹਾ ਹੈ ਪਰ ਹਾਲੇ ਨਵਾਂ ਜ਼ਿਲਾ ਬਣਨ ਬਾਰੇ ਕੋਈ ਸੂਚਨਾ ਨਹੀਂ।