ਗੁਜਰਾਤ, 6 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ):- ਧਾਰਾਸ਼ਿਵ ਜ਼ਿਲ੍ਹੇ (ਗੁਜਰਾਤ) ਦੇ ਪਰਾਂਡਾ ਤਾਲੁਕਾ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਥੇ ਐੱਸਜੇਆਰਜੇ ਸ਼ਿੰਦੇ ਕਾਲਜ ‘ਚ ਵਿਦਾਇਗੀ ਸਮਾਰੋਹ ਦੌਰਾਨ 20 ਸਾਲਾ ਵਿਦਿਆਰਥਣ ਦੀ ਸਟੇਜ ਉਤੇ ਅਚਾਨਕ ਮੌਤ ਹੋ ਗਈ। ਵਿਦਿਆਰਥਣ ਵਰਸ਼ਾ ਖਰਾਤ ਆਪਣੇ ਬੈਚ ਦੀ ਤਰਫੋਂ ਭਾਵੁਕ ਭਾਸ਼ਣ ਦੇਣ ਲਈ ਸਟੇਜ ‘ਤੇ ਆਈ ਸੀ, ਪਰ ਅਚਾਨਕ ਉਹ ਸਟੇਜ ‘ਤੇ ਡਿੱਗ ਗਈ।
ਵਰਸ਼ਾ ਜਦੋਂ ਬੋਲ ਰਹੀ ਸੀ ਤਾਂ ਉਸ ਦੇ ਸਾਥੀ ਵਿਦਿਆਰਥੀ ਉਸ ਦੇ ਕੁਝ ਮਜ਼ੇਦਾਰ ਸ਼ਬਦਾਂ ਉਤੇ ਹੱਸ ਰਹੇ ਸਨ। ਉਹ ਖੁਦ ਮੁਸਕਰਾ ਰਹੀ ਸੀ ਅਤੇ ਸਟੇਜ ‘ਤੇ ਬੜੇ ਆਤਮ ਵਿਸ਼ਵਾਸ ਨਾਲ ਬੋਲ ਰਹੀ ਸੀ। ਪਰ ਅਗਲੇ ਹੀ ਪਲ ਜੋ ਹੋਇਆ, ਉਸ ਨੇ ਸਾਰਿਆਂ ਦੇ ਹਾਸੇ ਨੂੰ ਸਦਮੇ ਵਿੱਚ ਬਦਲ ਦਿੱਤਾ। ਸਟੇਜ ‘ਤੇ ਖੜ੍ਹੀ ਵਰਸ਼ਾ ਅਚਾਨਕ ਬੇਹੋਸ਼ ਹੋ ਗਈ। ਉੱਥੇ ਮੌਜੂਦ ਅਧਿਆਪਕ ਅਤੇ ਵਿਦਿਆਰਥੀ ਉਸ ਕੋਲ ਭੱਜੇ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ
ਵਰਸ਼ਾ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਕਾਲਜ ਕੈਂਪਸ ਵਿੱਚ ਸੋਗ ਦੀ ਲਹਿਰ ਦੌੜ ਗਈ। ਜਿੱਥੇ ਇੱਕ ਪਲ ਪਹਿਲਾਂ ਖੁਸ਼ੀ ਦਾ ਮਾਹੌਲ ਸੀ, ਹੁਣ ਹਰ ਚਿਹਰਾ ਉਦਾਸ ਹੋ ਗਿਆ।
ਭਾਸ਼ਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਵਰਸ਼ਾ ਸਟੇਜ ਉਤੇ ਮੁਸਕਰਾਉਂਦੀ ਅਤੇ ਬੋਲਦੀ ਨਜ਼ਰ ਆ ਰਹੀ ਹੈ ਅਤੇ ਫਿਰ ਅਚਾਨਕ ਡਿੱਗ ਜਾਂਦੀ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਪੂਰੇ ਇਲਾਕੇ ‘ਚ ਸੋਗ ਦੀ ਲਹਿਰ
ਵਰਸ਼ਾ ਦੀ ਮੌਤ ਦੀ ਖਬਰ ਪੂਰੇ ਧਾਰਾਸ਼ਿਵ ਜ਼ਿਲੇ ‘ਚ ਫੈਲ ਗਈ। ਉਸ ਦੇ ਕਾਲਜ ਦੇ ਵਿਦਿਆਰਥੀ, ਅਧਿਆਪਕ ਅਤੇ ਸਥਾਨਕ ਲੋਕ ਸਾਰੇ ਡੂੰਘੇ ਸਦਮੇ ਵਿੱਚ ਹਨ। ਹੱਸਮੁੱਖ ਅਤੇ ਉਤਸ਼ਾਹੀ ਲੜਕੀ ਦੀ ਅਜਿਹੀ ਮੌਤ ਤੋਂ ਹਰ ਕੋਈ ਦੁਖੀ ਹੈ।
ਸੰਖੇਪ:-20 ਸਾਲਾ ਵਿਦਿਆਰਥਣ ਵਿਦਾਇਗੀ ਸਮਾਰੋਹ ਦੌਰਾਨ ਭਾਵੁਕ ਸਪੀਚ ਦੇਣ ਵੇਲੇ ਅਚਾਨਕ ਸਟੇਜ ‘ਤੇ ਡਿੱਗ ਗਈ ਅਤੇ ਮੌਤ ਹੋ ਗਈ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ।